ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖਾਸ ਖ਼ਬਰ
Wednesday, Jul 31, 2019 - 11:10 AM (IST)

ਜੰਮੂ— ਖਰਾਬ ਮੌਸਮ ਕਾਰਨ ਜੰਮੂ-ਕਸ਼ਮੀਰ 'ਚ ਜ਼ਮੀਨ ਖਿਸਕਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਵਜ੍ਹਾ ਕਰ ਕੇ ਮਾਤਾ ਵੈਸ਼ਨੋ ਦੇਵੀ ਯਾਤਰਾ ਦੇ ਨਵੇਂ ਟਰੈਕ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਰਵਾਇਤੀ ਟਰੈਕ (ਪੁਰਾਣੇ ਰਸਤਿਓਂ) ਯਾਤਰਾ ਕਰਨ ਦੀ ਆਗਿਆ ਦਿੱਤੀ ਗਈ ਹੈ। ਇੱਥੇ ਦੱਸ ਦੇਈਏ ਕਿ ਕਿ ਜੰਮੂ-ਕਸ਼ਮੀਰ ਵਿਚ ਬਾਰਿਸ਼ ਕਾਰਨ ਜ਼ਮੀਨ ਖਿਸਕ ਰਹੀ ਹੈ। ਖਰਾਬ ਮੌਸਮ ਦੀ ਵਜ੍ਹਾ ਕਰ ਕੇ ਕਟੜਾ-ਸਾਂਝੀਛੱਤ ਸੈਕਟਰ ਤੋਂ ਹੈਲੀਕਾਪਟਰ ਸੇਵਾਵਾਂ ਨੂੰ ਵੀ ਰੋਕ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇਅ-1ਸੀ (ਕਟੜਾ-ਰਾਇਸੀ-ਪੌਨੀ-ਸ਼ਿਲਖੌੜੀ) 'ਤੇ ਜ਼ਮੀਨ ਖਿਸਕਣ ਅਤੇ ਚੱਟਾਨਾਂ ਦੇ ਟੁੱਟ ਕੇ ਡਿੱਗ ਜਾਣ ਕਾਰਨ ਆਵਾਜਾਈ ਬੰਦ ਹੋ ਗਈ ਹੈ। ਲੋਕਾਂ ਨੂੰ ਆਉਣ-ਜਾਣ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਵਲੋਂ ਮਲਬੇ ਨੂੰ ਹਟਵਾਇਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਜੰਮੂ-ਸ਼੍ਰੀਨਗਰ ਰਾਸ਼ਟਰੀ ਹਾਈਵੇਅ ਬੰਦ ਹੋਣ ਕਾਰਨ ਅਮਰਨਾਥ ਯਾਤਰਾ ਰੱਦ ਕਰ ਦਿੱਤੀ ਗਈ। ਹੁਣ ਤੱਕ ਪਿਛਲੇ 30 ਦਿਨਾਂ ਵਿਚ ਲੱਗਭਗ 3.30 ਲੱਖ ਸ਼ਰਧਾਲੂਆਂ ਨੇ ਅਮਰਨਾਥ ਯਾਤਰਾ ਕਰ ਲਈ ਹੈ।