ਮਹਾਰਾਸ਼ਟਰ: ਵੈਕਸੀਨ ਦੀਆਂ ਦੋਨਾਂ ਖੁਰਾਕਾਂ ਲੈਣ ਵਾਲੇ 15 ਅਗਸਤ ਤੋਂ ਕਰ ਸਕਣਗੇ ਲੋਕਲ ਟ੍ਰੇਨ ਦੀ ਯਾਤਰਾ

08/11/2021 8:24:44 PM

ਮੁੰਬਈ - ਦੇਸ਼ ਦੇ ਹੋਰ ਸੂਬਿਆਂ ਦੀ ਤਰ੍ਹਾਂ ਮਹਾਰਾਸ਼ਟਰ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਤੋਂ ਬਾਅਦ ਕਈ ਤਰ੍ਹਾਂ ਦੇ ਛੋਟ ਦਿੱਤੇ ਜਾਣ ਦਾ ਸਿਲਸਿਲਾ ਜਾਰੀ ਹੈ। ਮਹਾਰਾਸ਼ਟਰ ਸਰਕਾਰ ਨੇ ਅੱਜ ਬੁੱਧਵਾਰ ਨੂੰ ਕਈ ਵੱਡੇ ਛੋਟ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਛੋਟ ਦਾ ਫਾਇਦਾ ਸਿਰਫ ਉਨ੍ਹਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਨਾਂ ਖੁਰਾਕਾਂ ਲੈ ਲਈਆਂ ਹਨ।

ਸੂਬਾ ਸਰਕਾਰ ਵਲੋਂ ਜਾਰੀ ਆਦੇਸ਼ ਦੇ ਅਨੁਸਾਰ, 15 ਅਗਸਤ ਤੋਂ ਪੂਰੀ ਤਰ੍ਹਾਂ ਟੀਕਾਕਰਣ ਕਰਾਉਣ ਵਾਲੇ ਲੋਕਾਂ ਨੂੰ ਹੀ ਲੋਕਲ ਟਰੇਨਾਂ ਦੇ ਜ਼ਰੀਏ ਸਫਰ ਕਰਣ ਦੀ ਮਨਜ਼ੂਰੀ ਦਿੱਤੀ ਗਈ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਸ਼ਖਸ ਬਿਨਾਂ ਵੈਕਸੀਨ ਲਈ ਸਫ਼ਰ ਕਰਦਾ ਹੈ ਤਾਂ ਉਸ ਨੂੰ 500 ਜੁਰਮਾਨਾ ਲਗਾਇਆ ਜਾਵੇਗਾ ਅਤੇ ਉਸ 'ਤੇ ਕਾਰਵਾਈ ਵੀ ਕੀਤੀ ਜਾਵੇਗੀ।

ਉੱਧਵ ਠਾਕਰੇ ਸਰਕਾਰ ਵਲੋਂ ਜਾਰੀ ਨਵੇਂ ਹੁਕਮ ਮੁਤਾਬਕ ਰੇਸਤਰਾਂ ਨੂੰ ਹੁਣ ਰਾਤ 10 ਵਜੇ ਤੱਕ 50 ਫੀਸਦੀ ਸਮਰੱਥਾ ਦੇ ਨਾਲ ਸੰਚਾਲਿਤ ਕਰਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੂੰ ਟੀਕਾ ਲੱਗਾ ਹੋਣਾ ਚਾਹੀਦਾ ਹੈ। ਇਹੀ ਨਹੀਂ ਸੋਸ਼ਲ ਡਿਸਟੈਂਸਿੰਗ ਦੇ ਨਾਲ ਬੈਠਣ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।

ਨਵੇਂ ਹੁਕਮ ਮੁਤਾਬਕ ਹੁਣ ਸੂਬੇ ਵਿੱਚ ਵਿਆਹ ਸਮਾਗਮ ਵਿੱਚ ਮੌਜੂਦ ਲੋਕਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਖੁੱਲ੍ਹੇ ਵਿੱਚ ਹੋਣ ਵਾਲੀਆਂ ਸ਼ਾਦੀਆਂ ਵਿੱਚ ਵੱਧ ਤੋਂ ਵੱਧ ਗਿਣਤੀ 200 ਤੱਕ ਦੀ ਮਨਜ਼ੂਰੀ ਦਿੱਤੀ ਗਈ ਹੈ। ਸੂਬੇ ਵਿੱਚ ਹੁਣ ਸਰਕਾਰੀ ਦਫ਼ਤਰ ਪੂਰੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਨਿੱਜੀ ਦਫ਼ਤਰ 24 ਘੰਟੇ ਦੀ ਸ਼ਿਫਟ ਵਿੱਚ ਕੰਮ ਕਰ ਸਕਦੇ ਹਨ।

ਹਰ ਤਰ੍ਹਾਂ ਦੀਆਂ ਦੁਕਾਨਾਂ ਨੂੰ ਰਾਤ 10 ਵਜੇ ਤੱਕ ਖੁੱਲ੍ਹੀ ਰੱਖਣ ਦੀ ਮਨਜ਼ੂਰੀ ਦਿੱਤੀ ਗਈ ਹੈ। ਹਾਲਾਂਕਿ, ਸਿਨੇਮਾ ਅਤੇ ਮਲਟੀਪਲੈਕਸ, ਥੀਏਟਰ, ਧਾਰਮਿਕ ਪੂਜਾ ਸਥਾਨਾਂ ਨੂੰ ਅਗਲੇ ਹੁਕਮ ਤੱਕ ਕੋਈ ਢਿੱਲ ਨਹੀਂ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News