ਕੋਰੋਨਾ ਵਾਇਰਸ ਮਹਾਮਾਰੀ ਕਾਰਨ 8 ਕਰੋੜ ਬੱਚਿਆਂ 'ਤੇ ਮੰਡਰਾ ਰਿਹੈ ਇਕ ਹੋਰ ਖਤਰਾ

Saturday, May 23, 2020 - 06:49 PM (IST)

ਕੋਰੋਨਾ ਵਾਇਰਸ ਮਹਾਮਾਰੀ ਕਾਰਨ 8 ਕਰੋੜ ਬੱਚਿਆਂ 'ਤੇ ਮੰਡਰਾ ਰਿਹੈ ਇਕ ਹੋਰ ਖਤਰਾ

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਨੇ ਦੁਨੀਆ ਭਰ 'ਚ ਜਿੱਥੇ ਕਹਿਰ ਵਰ੍ਹਾਇਆ ਹੋਇਆ ਹੈ, ਉੱਥੇ ਹੀ ਇਸ ਵਾਇਰਸ ਦਾ ਕਰੋੜਾਂ ਬੱਚਿਆਂ 'ਤੇ ਵੀ ਖਤਰਾ ਮੰਡਰਾ ਰਿਹਾ ਹੈ। ਇਸ ਮਹਾਮਾਰੀ ਕਾਰਨ ਪੋਲੀਓ ਅਤੇ ਖਸਰਾ ਵਰਗੀਆਂ ਬੀਮਾਰੀਆਂ ਨਾਲ ਜੂਝ ਰਹੇ ਘੱਟ ਤੋਂ ਘੱਟ 68 ਅਮੀਰ-ਗਰੀਬ ਦੇਸ਼ਾਂ ਦੇ ਇਕ ਸਾਲ ਤੋਂ ਘੱਟ ਉਮਰ ਦੇ ਲੱਗਭਗ 8 ਕਰੋੜ ਬੱਚਿਆਂ ਦੇ ਟੀਕਾਕਰਨ ਮੁਹਿੰਮ 'ਚ ਰੁਕਾਵਟ ਪੈਦਾ ਹੋਣ ਦਾ ਖਦਸ਼ਾ ਹੈ।

ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.), ਸੰਯੁਕਤ ਰਾਸ਼ਟਰ ਬਾਲ ਭਲਾਈ ਫੰਡ (ਯੂਨੀਸੇਫ) ਅਤੇ ਟੀਕਾ ਗਠਜੋੜ, ਗਾਵੀ ਵਲੋਂ ਚਿਤਾਵਨੀ ਅਜਿਹੇ ਸਮੇਂ ਵਿਚ ਆਈ ਹੈ, ਜਦੋਂ ਆਉਣ ਵਾਲੀ 4 ਜੂਨ ਨੂੰ ਹੋਣ ਜਾ ਰਹੇ ਵਿਸ਼ਵ ਵੈਕਸੀਨ (ਟੀਕਾ) ਸ਼ਿਖਰ ਸੰਮੇਲਨ 'ਚ ਦੁਨੀਆ ਭਰ ਦੇ ਨੇਤਾ ਟੀਕਾਕਰਨ ਮੁਹਿੰਮ ਨੂੰ ਕਾਇਮ ਰੱਖਣ ਅਤੇ ਆਰਥਿਕ ਰੂਪ ਨਾਲ ਕਮਜ਼ੋਰ ਦੇਸ਼ਾਂ 'ਚ ਮਹਾਮਾਰੀ ਦੇ ਅਸਰ ਨੂੰ ਘੱਟ ਕਰਨ 'ਚ ਮਦਦ ਲਈ ਇਕ ਮੰਚ 'ਤੇ ਇਕੱਠੇ ਹੋਣਗੇ। 

ਡਬਲਿਊ. ਐੱਚ. ਓ., ਯੂਨੀਸੇਫ, ਗਾਵੀ ਅਤੇ ਸਾਬਿਨ ਵੈਕਸੀਨ ਇੰਸਟੀਚਿਊਟ ਵਲੋਂ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਘੱਟ ਤੋਂ ਘੱਟ 68 ਦੇਸ਼ਾਂ ਵਿਚ ਨਿਯਮਿਤ ਟੀਕਾਕਰਨ ਪ੍ਰੋਗਰਾਮਾਂ 'ਤੇ ਬਹੁਤ ਹੱਦ ਤੱਕ ਨਾਕਾਰਾਤਮਕ ਅਸਰ ਪਿਆ ਹੈ। ਇਨ੍ਹਾਂ ਦੇਸ਼ਾਂ ਵਿਚ ਇਕ ਸਾਲ ਤੋਂ ਘੱਟ ਉਮਰ ਵਾਲੇ 8 ਕਰੋੜ ਬੱਚਿਆਂ ਦੇ ਇਸ ਤੋਂ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਗਾਵੀ ਦੇ ਸੀ. ਈ. ਓ. ਡਾ. ਸੇਤ ਬਰਕਲੇ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਜ਼ਿਆਦਾਤਰ ਦੇਸ਼ਾਂ ਦੇ ਵਧੇਰੇ ਬੱਚੇ ਟੀਕਾ ਰੋਕਥਾਮ ਰੋਗ ਤੋਂ ਸੁਰੱਖਿਅਤ ਹਨ, ਹਾਲਾਂਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਟੀਕਾਕਰਨ ਮੁਹਿੰਮ 'ਚ ਰੁਕਾਵਟ ਆਉਣ ਕਾਰਨ ਖਸਰਾ ਅਤੇ ਪੋਲੀਓ ਵਰਗੀਆਂ ਬੀਮਾਰੀਆਂ ਦੇ ਇਕ ਵਾਰ ਫਿਰ ਸਿਰ ਚੁੱਕਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਟੀਕਾਕਰਨ ਪ੍ਰੋਗਰਾਮਾਂ ਜ਼ਰੀਏ ਹੀ ਇਸ ਕਹਿਰ 'ਤੇ ਬਰੇਕ ਲਾਈ ਜਾ ਸਕੇਗੀ ਅਤੇ ਇਸ ਲਈ ਇਹ ਯਕੀਨੀ ਕਰਨਾ ਹੋਵੇਗਾ ਕਿ ਕੋਰੋਨਾ ਦਾ ਟੀਕਾ ਬਣਾਉਣ ਲਈ ਸਾਡੇ ਕੋਲ ਇਕ ਬੁਨਿਆਦੀ ਢਾਂਚਾ ਹੋਵੇ।


author

Tanu

Content Editor

Related News