ਪੱਛਮੀ ਬੰਗਾਲ ’ਚ ਕੇਂਦਰੀ ਮੰਤਰੀ ਮੁਰਲੀਧਰਨ ਦੇ ਕਾਫਲੇ ’ਤੇ ਹਮਲਾ, ਤੋੜੇ ਕਾਰ ਦੇ ਸ਼ੀਸ਼ੇ

05/06/2021 6:40:19 PM

ਕੋਲਕਾਤਾ— ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਵੀ ਹੋ ਗਈਆਂ ਹਨ ਅਤੇ ਚੋਣ ਨਤੀਜੇ ਵੀ ਆ ਚੁੱਕੇ ਹਨ ਪਰ ਫਿਰ ਵੀ ਹਿੰਸਾ ਰੁੱਕਣ ਦਾ ਨਾਮ ਨਹੀਂ ਲੈ ਰਹੀ ਹੈ। ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ’ਤੇ ਮਿਦਨਾਪੁਰ ’ਚ ਹਮਲੇ ਦੀ ਖ਼ਬਰ ਹੈ। ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਗਏ। ਇਸ ਪੂਰੀ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। 

PunjabKesari

 

ਕੇਂਦਰੀ ਵਿਦੇਸ਼ ਰਾਜ ਮੰਤਰੀ ਮੁਰਲੀਧਰਨ ਨੇ ਇਸ ਘਟਨਾ ਨੂੰ ਲੈ ਕੇ ਆਪਣੇ ਟਵਿੱਟਰ ਹੈਂਡਲ ’ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਕੈਪਸ਼ਨ ’ਚ ਉਨ੍ਹਾਂ ਨੇ ਲਿਖਿਆ ਕਿ ਪੱਛਮੀ ਮਿਦਨਾਪੁਰ ਦੇ ਦੌਰੇ ਦੌਰਾਨ ਮੇਰੀ ਕਾਰ ’ਤੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਗੁੰਡਿਆਂ ਨੇ ਹਮਲਾ ਕੀਤਾ। ਸ਼ੀਸ਼ੇ ਤੋੜ ਦਿੱਤੇ ਗਏ, ਮੇਰੇ ਨਿੱਜੀ ਸਟਾਫ਼ ’ਤੇ ਵੀ ਹਮਲਾ ਕੀਤਾ ਗਿਆ। ਮੈਨੂੰ ਆਪਣਾ ਦੌਰਾ ਵਿਚਾਲੇ ਹੀ ਛੱਡ ਕੇ ਵਾਪਸ ਆਉਣਾ ਪਿਆ। ਕੇਂਦਰੀ ਮੰਤਰੀ ਵਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਵਿਚ ਇਕ ਸ਼ਖ਼ਸ ਡੰਡੇ ਨਾਲ ਉਨ੍ਹਾਂ ਦੀ ਕਾਰ ’ਤੇ ਹਮਲਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਹਮਲੇ ਤੋਂ ਤੁਰੰਤ ਬਾਅਦ ਕੇਂਦਰੀ ਮੰਤਰੀ ਦਾ ਡਰਾਈਵਰ ਗੱਡੀ ਨੂੰ ਵਾਪਸ ਮੋੜਨ ਲੱਗਦਾ ਹੈ। 

PunjabKesari

ਗ੍ਰਹਿ ਮੰਤਰਾਲਾ ਨੇ ਬੰਗਾਲ ਭੇਜੀ 4 ਮੈਂਬਰੀ ਟੀਮ-
ਇਸ ਦਰਮਿਆਨ ਬੰਗਾਲ ’ਚ ਨਤੀਜਿਆਂ ਤੋਂ ਬਾਅਦ ਹੋਈ ਹਿੰਸਾ ’ਤੇ ਕੇਂਦਰੀ ਗ੍ਰਹਿ ਮੰਤਰਾਲਾ ਐਕਸ਼ਨ ਮੋਡ ਵਿਚ ਹੈ। ਗ੍ਰਹਿ ਮੰਤਰਾਲਾ ਨੇ ਪੱਛਮੀ ਬੰਗਾਲ 'ਚ ਚੋਣਾਂ ਤੋਂ ਬਾਅਦ ਹਿੰਸਾ ਦੇ ਕਾਰਨਾਂ ਦੀ ਪੜਤਾਲ ਕਰਨ ਅਤੇ ਸੂਬੇ 'ਚ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ 4 ਮੈਂਬਰੀ ਦਲ ਦਾ ਗਠਨ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਮੰਤਰਾਲਾ ਦੇ ਇਕ ਐਡੀਸ਼ਨਲ ਸਕੱਤਰ ਦੀ ਅਗਵਾਈ 'ਚ ਦਲ ਪੱਛਮੀ ਬੰਗਾਲ ਲਈ ਰਵਾਨਾ ਹੋ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਸਰਕਾਰ ਤੋਂ ਸੂਬੇ 'ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਪੂਰੀ ਰਿਪੋਰਟ ਸੌਂਪਣ ਅਤੇ ਸਮਾਂ ਗੁਆਏ ਬਿਨਾਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਨੂੰ ਕਿਹਾ ਸੀ। ਮੰਤਰਾਲਾ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਸੂਬਾ ਸਰਕਾਰ ਅਜਿਹਾ ਕਰਨ 'ਚ ਅਸਫ਼ਲ ਹੁੰਦੀ ਹੈ ਤਾਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। 


Tanu

Content Editor

Related News