ਭਾਰਤ 'ਚ ਰਹਿਣ ਲਈ ਇਹ ਕੀ ਕਰ ਗਈਆਂ ਗੋਰੀਆਂ ਮੇਮਾਂ ! ਮਾਮਲਾ ਜਾਣ ਤੁਸੀਂ ਵੀ ਕਹੋਗੇ 'Oh My G...'
Monday, Jun 23, 2025 - 01:36 PM (IST)

ਨੈਸ਼ਨਲ ਡੈਸਕ- ਭਾਰਤ ਵਿਚ ਚੋਰੀ-ਛਿਪੇ ਰਹਿਣ ਲਈ ਕਈ ਵਿਦੇਸ਼ੀ ਨਾਗਰਿਕ ਤਰ੍ਹਾਂ-ਤਰ੍ਹਾਂ ਦੇ ਜੁਗਾੜ ਲਾਉਂਦੇ ਹਨ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਉਜ਼ਬੇਕਿਸਤਾਨ ਦੀਆਂ ਦੋ ਔਰਤਾਂ ਨੂੰ ਪੁਲਸ ਨੇ ਫੜਿਆ ਹੈ। ਇਹ ਦੋਵੇਂ ਔਰਤਾਂ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿਚ ਰਹਿ ਰਹੀਆਂ ਸਨ। ਦਰਅਸਲ ਇਨ੍ਹਾਂ ਦੋਵਾਂ ਔਰਤਾਂ ਨੇ ਪਲਾਸਟਿਕ ਸਰਜਰੀ ਕਰਵਾ ਕੇ ਆਪਣੀ ਅਸਲੀ ਪਛਾਣ ਲੁਕਾ ਲਈ ਸੀ। ਹਾਲਾਂਕਿ ਹੁਣ ਪੁਲਸ ਨੇ ਦੋਵਾਂ ਨੂੰ ਫੜ ਕੇ ਪੂਰੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਰੈਕੇਟ ਵਿਦੇਸ਼ੀ ਲੋਕਾਂ ਦੀ ਪਲਾਸਟਿਕ ਸਰਜਰੀ ਕਰ ਕੇ ਉਨ੍ਹਾਂ ਦੀ ਪਛਾਣ ਬਦਲ ਦਿੰਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਦੇਸ਼ ਵਿਚ ਵਸਾ ਦਿੰਦਾ ਸੀ।
ਇੰਝ ਹੋਇਆ ਖੁਲਾਸਾ
ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਔਰਤਾਂ ਬਿਨਾਂ ਪਾਸਪੋਰਟ ਅਤੇ ਵੀਜ਼ਾ ਦੇ ਭਾਰਤ ਵਿਚ ਰਹਿ ਰਹੀਆਂ ਸਨ। ਔਰਤਾਂ ਦੀ ਪਛਾਣ ਲੁਕਾਉਣ ਲਈ ਪਲਾਸਟਿਕ ਸਰਜਰੀ ਕੀਤੀ ਗਈ ਸੀ। ਇਹ ਪੂਰੀ ਖੇਡ ਇਕ ਪ੍ਰਾਈਵੇਟ ਕਲੀਨਿਕ ਜ਼ਰੀਏ ਕੀਤੀ ਜਾ ਰਹੀ ਸੀ। ਇਸ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਪੁਲਸ ਨੇ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ (FRRO) ਦੀ ਸੂਚਨਾ 'ਤੇ ਕੀਤਾ। ਜਦੋਂ FRRO ਨੂੰ ਇਸ ਮਾਮਲੇ ਬਾਰੇ ਪਤਾ ਲੱਗਾ ਤਾਂ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਜਾਣਕਾਰੀ ਦੇ ਆਧਾਰ 'ਤੇ ਪੁਲਸ ਟੀਮ ਲਖਨਊ ਸਥਿਤ ਇਕ ਫਲੈਟ ਵਿਚ ਪਹੁੰਚੀ, ਜਿੱਥੋਂ ਦੋਵੇਂ ਵਿਦੇਸ਼ੀ ਔਰਤਾਂ ਨੂੰ ਹਿਰਾਸਤ ਵਿਚ ਲਿਆ ਗਿਆ। ਇਹ ਔਰਤਾਂ ਉਜ਼ਬੇਕਿਸਤਾਨ ਤੋਂ ਹਨ। ਪੁਲਸ ਮੁਤਾਬਕ ਇਨ੍ਹਾਂ ਨੇ ਆਪਣਾ ਨਾਂ ਹੋਲੀਡਾ ਅਤੇ ਨੀਲੋਫਰ ਦੱਸਿਆ ਹੈ।
ਦੋ ਸਾਲ ਪਹਿਲਾਂ ਗੁਆਚ ਗਿਆ ਸੀ ਪਾਸਪੋਰਟ
ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਾਸਪੋਰਟ ਅਤੇ ਵੀਜ਼ਾ ਦੋ ਸਾਲ ਪਹਿਲਾਂ ਗੁਆਚ ਗਏ ਸਨ। ਉਜ਼ਬੇਕਿਸਤਾਨ ਦੀ ਇਕ ਔਰਤ ਦੋਵਾਂ ਨੂੰ ਇੱਥੇ ਲੈ ਕੇ ਆਈ। ਜਿਸ ਦੀ ਮਦਦ ਨਾਲ ਉਨ੍ਹਾਂ ਦੋਵਾਂ ਔਰਤਾਂ ਨੇ ਆਪਣੇ ਚਿਹਰੇ ਦੀ ਪਲਾਸਟਿਕ ਸਰਜਰੀ ਕਰਵਾਈ, ਜਿਸ ਤੋਂ ਕੋਈ ਇਹ ਨਾ ਅੰਦਾਜ਼ਾ ਨਾ ਲਾ ਸਕੇ ਕਿ ਇਹ ਵਿਦੇਸ਼ੀ ਹਨ। ਲਖਨਊ ਵਿਚ ਇਨ੍ਹਾਂ ਨੇ ਇਕ ਫਲੈਟ ਲਿਆ, ਜਿੱਥੇ ਇਹ ਰਹਿ ਰਹੀਆਂ ਸਨ। ਫਿਲਹਾਲ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ ਅਤੇ ਕਈ ਜਾਂਚ ਏਜੰਸੀਆਂ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਦੋਵੇਂ ਔਰਤਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਇਹ ਪਤਾ ਲਾ ਰਹੀ ਹੈ ਕਿ ਪਲਾਸਟਿਕ ਸਰਜਰੀ ਕਰਵਾ ਕੇ ਇਨ੍ਹਾਂ ਦਾ ਭਾਰਤ ਵਿਚ ਰਹਿਣ ਦਾ ਮਕਸਦ ਕੀ ਸੀ? ਪੁਲਸ ਪਲਾਸਟਿਕ ਸਰਜਨ ਦੀ ਭਾਲ ਕਰ ਰਹੀ ਹੈ।