ਉੱਤਰਾਖੰਡ ’ਚ ਸਿਆਸੀ ਪਾਰਟੀਆਂ ਦੀ ‘ਸਿੱਖ ਵੋਟ’ ਬੈਂਕ ’ਚ ਸੰਨ੍ਹ

10/25/2021 10:45:52 AM

ਦੇਹਰਾਦੂਨ (ਨੈਸ਼ਨਲ ਡੈਸਕ) : ਦੇਸ਼ ’ਚ ਚੱਲ ਰਹੇ ਕਿਸਾਨ ਅੰਦੋਲਨ ਦੇ ਕਾਰਨ ਉੱਤਰਾਖੰਡ ਦੀਅਾਂ ਸਿਆਸੀ ਪਾਰਟੀਅਾਂ ਨੇ ਸੂਬੇ ਦੇ ਤਰਾਈ ਖੇਤਰ ’ਚ ਸਿੱਖ ਵੋਟ ਬੈਂਕ ’ਤੇ ਸੰਨ੍ਹ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਅਤੇ ਕਾਂਗਰਸ ਨੇ ਖੇਤਰ ਦੇ ਵੋਟ ਬੈਂਕ ਨੂੰ ਹਾਸਲ ਕਰਨ ਦੇ ਲਈ ਜ਼ਬਰਦਸਤ ਰਣਨੀਤੀ ਤਿਆਰ ਕੀਤੀ ਹੈ। ਖਾਸ ਕਰਕੇ ਭਾਜਪਾ ਨੇ ਜਿਥੇ ਉੱਤਰਾਖੰਡ ਦੇ ਤਿੰਨ ਮਹੱਤਵਪੂਰਣ ਅਹੁਦਿਅਾਂ ’ਤੇ ਸਿੱਖ ਭਾਈਚਾਰੇ ਨੂੰ ਤਰਜੀਹ ਦਿੱਤੀ ਹੈ। ਉਥੇ ਹੀ ਕਾਂਗਰਸ ਨੇ ਸਿੱਖ ਵੋਟਰਾਂ ਦੀ ਗਿਣਤੀ ਵਾਲੇ ਊਧਮ ਸਿੰਘ ਨਗਰ ਜ਼ਿਲੇ ਦੀਅਾਂ 9 ਸੀਟਾਂ ’ਚੋਂ ਘੱਟ-ਘੱਟ ਤਿੰਨ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰਨ ਦੀ ਤਿਆਰੀ ਕਰ ਲਈ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਚੋਣ ਖੇਤਰ ਖਟੀਮਾ ਵੀ ਇਸ ਜ਼ਿਲੇ ’ਚ ਆਉਂਦਾ ਹੈ। ਚੋਣ ਰਣਨੀਤੀਕਾਰਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੇ ਕਾਰਨ ਉੱਤਰਾਖੰਡ ਦੇ ਸੱਤਾਧਿਰ ਵਿਰੁੱਧ ਲਹਿਰ ਤੇਜ਼ ਹੈ, ਖਾਸ ਕਰਕੇ ਤਰਾਈ ਖੇਤਰ ’ਚ ਜੋ ਕਿ ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਚੁੱਕੇ ਯਸ਼ਪਾਲ ਆਰੀਆ ਦਾ ਗੜ੍ਹ ਮੰਨਿਆ ਜਾਂਦਾ ਹੈ।

ਸਿੱਖ ਭਾਈਚਾਰੇ ਦੇ ਕੋਲ 3 ਮਹੱਤਵਪੂਰਣ ਅਹੁਦੇ

ਉੱਤਰਾਖੰਡ ਦੇ ਤਰਾਈ ਖੇਤਰ ’ਚ ਊਧਮ ਸਿੰਘ ਨਗਰ ਅਤੇ ਨੈਨੀਤਾਲ ਦਾ ਮੈਦਾਨੀ ਇਲਾਕਾ ਆਉਂਦਾ ਹੈ। ਇਥੇ ਸਿੱਖ ਕਿਸਾਨਾਂ ਦੀ ਵੱਡੀ ਆਬਾਦੀ ਹੈ। ਊਧਮ ਸਿੰਘ ਨਗਰ ’ਚ ਕਿਸਾਨਾਂ ਦਾ ਵੱਡਾ ਵੋਟਰਬੇਸ ਹੈ ਅਤੇ ਲਖੀਮਪੁਰ ਖੀਰੀ ਘਟਨਾ ਨੇ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਦੇ ਲਈ ਹਾਲਾਤ ਬਹੁਤ ਮੁਸ਼ਕਲ ਬਣਾ ਦਿੱਤੇ ਹਨ। ਕਿਸਾਨਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਪਿਛਲੇ ਦਿਨੀਂ ਭਾਜਪਾ ਨੇ ਉੱਤਰਾਖੰਡ ’ਚ ਤਿੰਨ ਮਹੱਤਵਪੂਰਣ ਅਹੁਦੇ ਗਵਰਨਰ, ਮੁੱਖ ਸਕੱਤਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਮੁਖੀਆ ’ਚ ਸਿੱਖ ਭਾਈਚਾਰੇ ਦੇ ਮੈਂਬਰ ਨੂੰ ਨਿਯੁਕਤ ਕੀਤਾ ਸੀ। ਇਸ ਦੇ ਨਾਲ ਦਿੱਲੀ ਦੇ ਸਿੱਖ ਵਿਧਾਇਕ ਆਰ. ਪੀ. ਸਿੰਘ ਨੂੰ ਉੱਤਰਾਖੰਡ ਦਾ ਸਹਿ ਚੋਣ ਇੰਚਾਰਜ ਬਣਾਇਆ ਗਿਆ ਸੀ।

ਸੂਬੇ ’ਚ 3 ਫੀਸਦੀ ਸਿੱਖ ਊਧਮ ਸਿੰਘ ਨਗਰ ’ਚ

ਸੂਬੇ ਦੀ ਕੁੱਲ ਆਬਾਦੀ ਦੇ ਲਗਭਗ ਤਿੰਨ ਫੀਸਦੀ ਸਿੱਖ ਮੁੱਖ ਤੌਰ ’ਤੇ ਊਧਮ ਸਿੰਘ ਨਗਰ ’ਚ ਕੇਂਦਰਿਤ ਹੈ। ਨੈਨੀਤਾਲ ਅਤੇ ਹਰਿਦੁਆਰ ਜ਼ਿਲਿਅਾਂ ਦੀਅਾਂ ਵਿਧਾਨ ਸਭਾ ਸੀਟਾਂ ’ਚ ਵੀ ਸਿੱਖ ਆਬਾਦੀ ਦੀ ਇਕ ਵੱਡੀ ਗਿਣਤੀ ਹੈ। ਜਦਕਿ ਭਗਵਾ ਚੋਣ ਪ੍ਰਬੰਧਕ ਸਿਆਸੀ ਵਿਰੋਧੀਅਾਂ ਦੀਅਾਂ ਰਣਨੀਤੀਅਾਂ ’ਤੇ ਸਖਤ ਨਜ਼ਰ ਰੱਖ ਰਹੇ ਹਨ। ਭਾਜਪਾ ਅਤੇ ਆਰ. ਐੱਸ. ਐੱਸ. ਦੋਵਾਂ ਨੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਵਿਰੋਧੀ ਧਿਰ ਦੇ ਖੇਮੇ ਦੇ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਸਿੱਖ ਵੋਟ ਬੈਂਕ ਤਕ ਪਹੁੰਚਣ ਦੇ ਲਈ ਆਪਣੇ ਸਿੱਖ ਕੈਡਰ ਨੂੰ ਸ਼ਾਮਲ ਕੀਤਾ ਹੈ। ਇਹ ਕੈਡਰ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਬੇਨਤੀ ਕਰ ਰਿਹਾ ਹੈ ਕਿ ਉਹ ਵਿਰੋਧੀ ਪਾਰਟੀਅਾਂ ਦੀ ਵੋਟ ਬੈਂਕ ਦੀ ਸਿਆਸਤ ਦਾ ਸ਼ਿਕਾਰ ਨਾ ਹੋਵੇ।

ਸਿੱਖ ਭਾਈਚਾਰੇ ਦੇ ਲੋਕਾਂ ਤੋਂ ਵਿਰੋਧੀ ਧਿਰ ਨੂੰ ਜ਼ਿਆਦਾ ਉਮੀਦ

ਖੇਤੀ ਕਾਨੂੰਨਾਂ ਦੇ ਵਿਰੋਧ ਦੀ ਸ਼ੁਰੂਆਤ ਸਿੱਖ ਬਹੁਤਾਤ ਵਾਲੇ ਸੂਬੇ ਪੰਜਾਬ ਤੋਂ ਹੋਈ, ਜਿਥੇ ਅਗਲੇ ਸਾਲ ਉੱਤਰਾਖੰਡ ਸਮੇਤ ਚੋਣਾਂ ਹੋਣੀਅਾਂ ਹਨ। ਵਿਰੋਧੀ ਪਾਰਟੀ ਉਮੀਦ ਕਰ ਰਹੇ ਹਨ ਕਿ ਉੱਤਰਾਖੰਡ ’ਚ ਸਿੱਖ ਭਾਈਚਾਰੇ ਵੀ ਪੰਜਾਬ ’ਚ ਆਪਣੇ ਭਰਾਵਾਂ ਵਾਂਗ ਵੋਟਿੰਗ ਕਰੇਗਾ, ਜਿਥੇ ਭਾਜਪਾ ਨੂੰ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੰਘ ਦੇ ਸਿੱਖ ਕੈਡਰ ਤੋਂ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਆਰ.ਐੱਸ.ਐੱਸ. ਨੇ ਵੀ ਇਸ ਮੁੱਦੇ ਨੂੰ ਉਠਾਇਆ ਹੈ। ਆਉਣ ਵਾਲੀਅਾਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵਲੋਂ ਘੱਟ ਤੋਂ ਘੱਟ ਤਿੰਨ ਸਿੱਖ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਨ ਦੀਅਾਂ ਖਬਰਾਂ ਦਰਮਿਆਨ ਭਾਜਪਾ ਭਾਈਚਾਰੇ ਵਿਚਾਲੇ ਆਪਣੇ ਉਮੀਦਵਾਰਾਂ ਦੀ ਸਖਤ ਜਾਂਚ ਕਰ ਰਹੀ ਹੈ। ਵਧੇਰੇ ਜਨਮਤ ਸਰਵੇਖਣਾਂ ਨੇ ਸੁਝਾਅ ਦਿੱਤਾ ਹੈ ਕਿ ਭਾਜਪਾ ਉੱਤਰਾਖੰਡ ’ਚ ਸੱਤਾ ਬਰਕਰਾਰ ਰੱਖੇਗੀ ਅਤੇ ਭਾਜਪਾ ਅਤੇ ਕਾਂਗਰਸ ਦੇ ਵਾਰੀ-ਵਾਰੀ ਨਾਲ ਸੱਤਾ ’ਚ ਆਉਣ ਦੀ ਰਵਾਇਤ ਨੂੰ ਤੋੜ ਦੇਵੇਗੀ।


Tanu

Content Editor

Related News