ਉਤਰਾਖੰਡ ਦੇ ਸਾਬਕਾ CM ਹਰੀਸ਼ ਰਾਵਤ ਹੋਏ ਕੋਰੋਨਾ ਦੇ ਸ਼ਿਕਾਰ, ਟਵੀਟ ਕਰ ਦਿੱਤੀ ਜਾਣਕਾਰੀ
Thursday, Mar 25, 2021 - 01:40 PM (IST)
ਦੇਹਰਾਦੂਨ- ਕਾਂਗਰਸ ਜਨਰਲ ਸਕੱਤਰ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਕੋਵਿਡ-19 ਨਾਲ ਪੀੜਤ ਪਾਏ ਗਏ ਹਨ। ਇਸ ਸੰਬੰਧ 'ਚ ਖ਼ੁਦ ਟਵਿੱਟਰ 'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਰਾਵਤ ਨੇ ਕਿਹਾ,''ਕੋਰੋਨਾ ਪਹਿਲਵਾਨ ਨੇ ਮੈਨੂੰ ਜਕੜ ਹੀ ਲਿਆ।'' ਰਾਵਤ ਤੋਂ ਇਲਾਵਾ, ਉਨਾਂ ਦੇ ਪਰਿਵਾਰ ਦੇ ਚਾਰ ਹੋਰ ਮੈਂਬਰ ਵੀ ਕੋਵਿਡ-19 ਨਾਲ ਪੀੜਤ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਬੁੱਧਵਾਰ ਦੁਪਹਿਰ ਉਨ੍ਹਾਂ ਨੇ ਆਪਣੀ ਪਤਨੀ, ਧੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਕੋਰੋਨਾ ਵਾਇਰਸ ਜਾਂਚ ਕਰਵਾਉਣ ਦਾ ਫ਼ੈਸਲਾ ਲਿਆ ਸੀ ਪਰ ਆਪਣੀ ਜਾਂਚ ਕਰਵਾਉਣ ਤੋਂ ਪਹਿਲਾਂ ਉਹ ਝਿਜਕ ਰਹੇ ਸਨ।
ਹਾਲਾਂਕਿ ਉਨ੍ਹਾਂ ਕਿਹਾ,''ਫਿਰ ਮੈਨੂੰ ਲੱਗਾ ਕਿ ਮੈਨੂੰ ਵੀ (ਜਾਂਚ) ਕਰਵਾ ਲੈਣੀ ਚਾਹੀਦੀ ਹੈ ਅਤੇ ਚੰਗਾ ਹੋਇਆ ਬੁੱਧਵਾਰ ਮੈਂ ਜਾਂਚ ਕਰਵਾ ਲਈ। ਜਾਂਚ ਦੀ ਰਿਪੋਰਟ ਆਉਣ 'ਤੇ ਮੈਂ ਪਾਜ਼ੇਟਿਵ ਪਾਇਆ ਗਿਆ ਅਤੇ ਮੇਰੇ ਪਰਿਵਾਰ ਦੇ 4 ਮੈਂਬਰ ਵੀ ਪਾਜ਼ੇਟਿਵ ਪਾਏ ਗਏ ਹਨ।'' ਰਾਵਤ ਨੇ ਕਿਹਾ ਕਿ ਬੁੱਧਵਾਰ ਦੁਪਹਿਰ ਤੱਕ ਜਿੰਨੇ ਵੀ ਲੋਕ ਉਨ੍ਹਾਂ ਦੇ ਸੰਪਰਕ 'ਚ ਆਏ ਹਨ, ਉਹ ਵੀ ਆਪਣੀ ਜਾਂਚ ਕਰਵਾ ਲੈਣ, ਕਿਉਂਕਿ ਸਾਵਧਾਨੀ ਜ਼ਰੂਰੀ ਹੈ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਕਾਂਗਰਸ ਨੇਤਾ ਨੇ ਹੋਲੀ ਮਿਲਨ ਪ੍ਰੋਗਰਾਮ ਆਯੋਜਿਤ ਕੀਤਾ ਸੀ, ਜਿਸ 'ਚ ਕਾਂਗਰਸ ਸਮੇਤ ਸਿਆਸੀ ਦਲਾਂ ਦੇ ਕਈ ਨੇਤਾਵਾਂ ਤੋਂ ਇਲਾਵਾ ਸਮਾਜ ਦੇ ਹੋਰ ਵਰਗਾਂ ਦੇ ਲੋਕਾਂ ਨੇ ਵੀ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ : ਉਤਰਾਖੰਡ ਦੇ CM ਤੀਰਥ ਸਿੰਘ ਰਾਵਤ ਹੋਏ ਕੋਰੋਨਾ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ