ਉੱਤਰਾਖੰਡ: ਰੁੜਕੀ ਦੇ ਹਸਪਤਾਲ ’ਚ ਆਕਸੀਜਨ ਦੀ ਘਾਟ ਕਾਰਨ 5 ਮਰੀਜ਼ਾਂ ਦੀ ਮੌਤ
Wednesday, May 05, 2021 - 12:20 PM (IST)
ਉੱਤਰਾਖੰਡ (ਭਾਸ਼ਾ)— ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਆਕਸੀਜਨ ਖ਼ਤਮ ਹੋਣ ਨਾਲ ਉੱਥੇ ਦਾਖ਼ਲ ਇਕ ਜਨਾਨੀ ਸਮੇਤ 5 ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਰੁੜਕੀ ਦੇ ਵਿਨੈ ਵਿਸ਼ਾਲ ਹਸਪਤਾਲ ’ਚ ਸੋਮਵਾਰ ਅਤੇ ਮੰਗਲਵਾਰ ਦੀ ਮੱਧ ਰਾਤ ਆਕਸੀਜਨ ਖ਼ਤਮ ਹੋ ਗਈ ਅਤੇ ਥੋੜ੍ਹੀ ਦੇਰ ਬਾਅਦ ਹੀ ਉਸ ਨੂੰ ਸ਼ੁਰੂ ਕੀਤਾ ਜਾ ਸਕਿਆ ਪਰ ਇਸ ਦਰਮਿਆਨ ਵੈਂਟੀਲੇਟਰ ’ਤੇ ਰੱਖੇ ਇਕ ਮਰੀਜ਼ ਅਤੇ ਮੈਡੀਕਲ ਆਕਸੀਜਨ ਤੋਂ ਸਾਹ ਲੈ ਰਹੇ 4 ਹੋਰ ਮਰੀਜ਼ਾਂ ਦੀ ਮੌਤ ਹੋ ਗਈ।
ਹਰਿਦੁਆਰ ਦੇ ਜ਼ਿਲ੍ਹਾ ਅਧਿਕਾਰੀ ਸੀ. ਰਵੀਸ਼ੰਕਰ ਨੇ ਦੱਸਿਆ ਕਿ ਮਾਮਲਾ ਧਿਆਨ ’ਚ ਆਉਣ ਤੋਂ ਬਾਅਦ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਸਬੰਧਤ ਹਸਪਤਾਲ ਦਾ ਮੈਡੀਕਲ ਲੇਖਾ ਪਰੀਖਣ ਵੀ ਕੀਤਾ ਜਾਵੇਗਾ, ਜਿਸ ਲਈ ਰੁੜਕੀ ਦੇ ਸਰਕਾਰੀ ਸੰਯੁਕਤ ਹਸਪਤਾਲ ਦੇ ਚੀਫ਼ ਮੈਡੀਕਲ ਸੁਪਰਡੈਂਟ ਅਤੇ ਹੋਰ ਡਾਕਟਰਾਂ ਦੀ ਜਾਂਚ ਟੀਮ ਗਠਿਤ ਕੀਤੀ ਗਈ ਹੈ। ਇਹ ਟੀਮ ਹਸਪਤਾਲ ਵਿਚ ਆਕਸੀਜਨ ਦੀ ਉਪਲੱਬਧਤਾ, ਮੰਗ ਅਤੇ ਸਪਲਾਈ ਸਮੇਤ ਮਰੀਜ਼ਾਂ ਦੀ ਗਿਣਤੀ ਆਦਿ ਬਿੰਦੂਆਂ ’ਤੇ ਵਿਸਥਾਰਪੂਰਵਕ ਰਿਪੋਰਟ ਦੇਵੇਗੀ। ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।