ਸਰਦੀਆਂ ਲਈ ਬੰਦ ਹੋਏ ਕੇਦਾਰਨਾਥ ਦੇ ਕਿਵਾੜ, 19 ਲੱਖ ਤੋਂ ਵੱਧ ਭਗਤਾਂ ਨੇ ਕੀਤੇ ਦਰਸ਼ਨ
Wednesday, Nov 15, 2023 - 12:49 PM (IST)
ਰੁਦਰਪ੍ਰਯਾਗ (ਭਾਸ਼ਾ)- ਉਤਰਾਖੰਡ 'ਚ ਸਥਿਤ ਵਿਸ਼ਵ ਪ੍ਰਸਿੱਧ ਉੱਚ ਗੜ੍ਹਵਾਲ ਹਿਮਾਲਿਆ ਧਾਮ ਕੇਦਾਰਨਾਥ ਦੇ ਕਿਵਾੜ ਬੁੱਧਵਾਰ ਨੂੰ ਭਾਈ ਦੂਜ ਦੇ ਪਵਿੱਤਰ ਮੌਕੇ 'ਤੇ ਰਵਾਇਤੀ ਪੂਜਾ ਅਤੇ ਰੀਤੀ-ਰਿਵਾਜਾਂ ਨਾਲ ਸਰਦੀਆਂ ਲਈ ਬੰਦ ਕਰ ਦਿੱਤੇ ਗਏ। ਭਾਰਤੀ ਫ਼ੌਜ ਦੇ ਬੈਂਡ ਦੀਆਂ ਭਗਤੀ ਭਰੀਆਂ ਧੁਨਾਂ ਦਰਮਿਆਨ ਕੇਦਾਰਨਾਥ ਮੰਦਰ ਦੇ ਕਿਵਾੜ ਸਵੇਰੇ 8.30 ਵਜੇ ਸਰਦੀਆਂ ਲਈ ਬੰਦ ਕਰ ਦਿੱਤੇ ਗਏ। ਕਿਵਾੜ ਬੰਦ ਹੋਣ ਮੌਕੇ ਕੜਾਕੇ ਦੀ ਠੰਡ ਦੇ ਬਾਵਜੂਦ ਢਾਈ ਹਜ਼ਾਰ ਤੋਂ ਵੱਧ ਤੀਰਥ ਯਾਤਰੀ ਭਗਵਾਨ ਦੇ ਦਰਸ਼ਨਾਂ ਲਈ ਕੇਦਾਰਨਾਥ 'ਚ ਮੌਜੂਦ ਸਨ ਅਤੇ 'ਜੈ ਕੇਦਾਰ', 'ਬਮ ਬਮ ਭੋਲੇ ਅਤੇ 'ਓਮ ਨਮਹ ਸ਼ਿਵਾਏ' ਦੇ ਜੈਕਾਰੇ ਲਗਾ ਰਹੇ ਸਨ। ਇਸ ਮੌਕੇ ਕੇਦਾਰਨਾਥ ਮੰਦਰ ਨੂੰ ਵਿਸ਼ੇਸ਼ ਰੂਪ ਨਾਲ ਫੁੱਲਾਂ ਨਾਲ ਸਜਾਇਆ ਗਿਆ ਸੀ। ਪਿਛਲੇ ਦਿਨੀਂ ਹੋਈ ਬਰਫ਼ਬਾਰੀ ਕਾਰਨ ਕੇਦਾਰਨਾਥ ਪੁਰੀ ਅਤੇ ਨੇੜੇ-ਤੇੜੇ ਦਾ ਇਲਾਕਾ ਬਰਫ਼ ਨਾਲ ਢਕਿਆ ਹੈ, ਜਿਸ ਕਾਰਨ ਠੰਡੀਆਂ ਹਵਾਵਾਂ ਚਲਣ ਕਾਰਨ ਕੜਾਕੇ ਦੀ ਸਰਦੀ ਪੈ ਰਹੀ ਹੈ। ਕਿਵਾੜ ਬੰਦ ਹੋਣ ਤੋਂ ਬਾਅਦ ਭਗਵਾਨ ਕੇਦਾਰਨਾਥ ਦੀ ਪੰਚਮੁਖੀ ਡੋਲੀ ਹਜ਼ਾਰਾਂ ਤੀਰਥ ਯਾਤਰੀਆਂ ਅਤੇ ਫ਼ੌਜੀ ਬੈਂਡ ਬਾਜਿਆਂ ਨਾਲ ਪੈਦਲ ਆਪਣੇ ਪਹਿਲੇ ਪੜਾਅ ਰਾਮਪੁਰ ਲਈ ਰਵਾਨਾ ਹੋਈ।
ਇਸ ਤੋਂ ਬਾਅਦ ਬ੍ਰਹਮਾਮਹੂਰਤ 'ਚ ਹੀ ਕੇਦਾਰਨਾਥ ਮੰਦਰ ਦੇ ਕਿਵਾੜ ਖੁੱਲ੍ਹ ਗਏ ਅਤੇ ਮੁੱਖ ਪਾਜਰੀ ਰਾਵਲ ਭੀਮਾਸ਼ੰਕਰ ਲਿੰਗ ਨੇ ਸਥਾਨਕ ਫੁੱਲਾਂ, ਬ੍ਰਹਮਾ ਕਮਲ, ਕੁਮਜਾ ਅਤੇ ਰਾਖ ਨਾਲ ਸ਼ਿਵਲਿੰਗ ਨੂੰ ਸਮਾਧੀ ਰੂਪ ਦਿੱਤਾ। ਇਸ ਮੌਕੇ ਭਾਰਤੀ ਫ਼ੌਜ, ਭਾਰਤ-ਤਿੱਬਤ ਸਰਹੱਦੀ ਪੁਲਸ ਅਤੇ ਦਾਨਦਾਤਾਵਾਂ ਨੇ ਤੀਰਥ ਯਾਤਰੀਆਂ ਲਈ ਭੰਡਾਰੇ ਵੀ ਆਯੋਜਿਤ ਕੀਤੇ। ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੇ ਨੇ ਕਿਹਾ ਕਿ ਇਸ ਸਾਲ ਸਾਢੇ 19 ਲੱਖ ਤੋਂ ਵੱਧ ਤੀਰਥ ਯਾਤਰੀਆਂ ਨੇ ਭਗਵਾਨ ਕੇਦਾਰਨਾਥ ਨੇ ਦਰਸ਼ਨ ਕੀਤੇ। ਕਿਵਾੜ ਬੰਦ ਹੋਣ ਤੋਂ ਬਾਅਦ ਹੁਣ ਸ਼ਰਧਾਲੂ ਭਗਵਾਨ ਦੇ ਸਰਦੀਆਂ ਦੇ ਨਿਵਾਸ ਸਥਾਨ ਓਂਕਾਰੇਸ਼ਵਰ ਮੰਦਰ 'ਚ ਉਨ੍ਹਾਂ ਦੇ ਦਰਸ਼ ਅਤੇ ਪੂਜਾ ਕਰਨਗੇ। ਗੜ੍ਹਵਾਲ ਹਿਮਾਲਿਆ ਦੇ ਚਾਰ ਧਾਮ ਦੇ ਨਾਂ ਨਾਲ ਪ੍ਰਸਿੱਧ ਧਾਮਾਂ 'ਚੋਂ ਇਕ ਗੰਗੋਤਰੀ ਧਾਮ ਦੇ ਕਿਵਾੜ ਮੰਗਲਵਾਰ ਨੂੰ ਅੰਨਕੂਟ ਦੇ ਤਿਉਹਾਰ 'ਤੇ ਬੰਦ ਹੋਏ ਸਨ, ਜਦੋਂ ਕਿ ਯਮੁਨੋਤਰੀ ਦੇ ਕਿਵਾੜ ਬੁੱਧਵਾਰ ਨੂੰ ਬੰਦ ਹੋਣਗੇ। ਬਦਰੀਨਾਥ ਦੇ ਕਿਵਾੜ 18 ਨਵੰਬਰ ਨੂੰ ਬੰਦ ਹੋਣਗੇ। ਸਰਦੀਆਂ 'ਚ ਬਰਫ਼ਬਾਰੀ ਅਤੇ ਭਿਆਨਕ ਠੰਡ ਦੀ ਲਪੇਟ 'ਚ ਰਹਿਣ ਕਾਰਨ ਚਾਰਧਾਮਾਂ ਦੇ ਕਿਵਾੜ ਹਰ ਸਾਲ ਅਕਤੂਬਰ-ਨਵੰਬਰ 'ਚ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਜਾਂਦੇ ਹਨ, ਜੋ ਅਗਲੇ ਸਾਲ ਅਪ੍ਰੈਲ-ਮਈ 'ਚ ਮੁੜ ਖੋਲ੍ਹ ਦਿੱਤੇ ਜਾਂਦੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8