ਉੱਤਰਾਖੰਡ ਦੇ ਮਦਰੱਸਿਆਂ ''ਚ ਵਿਦਿਆਰਥੀ ਪੜ੍ਹਨਗੇ ''ਰਾਮਾਇਣ'', ਭਗਵਾਨ ਸ਼੍ਰੀਰਾਮ ਦੇ ਜੀਵਨ ਬਾਰੇ ਲੈਣਗੇ ਜਾਣਕਾਰੀ
Monday, Jan 29, 2024 - 11:33 AM (IST)
ਦੇਹਰਾਦੂਨ- ਉੱਤਰਾਖੰਡ ਦੇ 117 ਮਦਰੱਸਿਆਂ 'ਚ ਵਿਦਿਆਰਥੀਆਂ ਨੂੰ ਆਗਾਮੀ ਸੈਸ਼ਨ 'ਚ ਰਾਮਾਇਣ ਵੀ ਪੜ੍ਹਾਈ ਜਾਵੇਗੀ। ਉੱਤਰਾਖੰਡ ਵਕਫ਼ ਬੋਰਡ ਦੇ ਚੇਅਰਮੈਨ ਨੇ ਕਿਹਾ ਹੈ ਕਿ ਉੱਤਰਾਖੰਡ ਦੇ ਮਦਰੱਸਿਆਂ 'ਚ ਵਿਦਿਆਰਥੀਆਂ ਨੂੰ ਭਗਵਾਨ ਸ਼੍ਰੀਰਾਮ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਮਦਰੱਸਿਆਂ 'ਚ NCERT ਪਾਠਕ੍ਰਮ ਲਾਗੂ ਕੀਤਾ ਜਾਵੇਗਾ। ਅਯੁੱਧਿਆ 'ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਉੱਤਰਾਖੰਡ ਵਕਫ਼ ਬੋਰਡ ਨੇ ਆਪਣੇ ਅਧੀਨ ਚੱਲ ਰਹੇ 117 ਮਦਰੱਸਿਆਂ 'ਚ ਸ਼੍ਰੀ ਰਾਮ ਕਥਾ ਪੜ੍ਹਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਵਕਫ ਬੋਰਡ ਆਉਣ ਵਾਲੇ ਸੈਸ਼ਨ ਤੋਂ ਸਿਲੇਬਸ 'ਚ ਬਦਲਾਅ ਵੀ ਕਰਨ ਜਾ ਰਿਹਾ ਹੈ।
ਵਕਫ਼ ਬੋਰਡ ਦੇ ਚੇਅਰਮੈਨ ਸ਼ਾਦਾਬ ਸ਼ਮਸ ਨੇ ਆਗਾਮੀ ਸੈਸ਼ਨ ਤੋਂ ਕੋਰਸ ਕਰਵਾਉਣ ਲਈ ਮਦਰੱਸਾ ਪ੍ਰਬੰਧਕਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਹਨ। ਸੂਬੇ 'ਚ 415 ਮਦਰੱਸੇ ਚੱਲ ਰਹੇ ਹਨ, ਜਿਨ੍ਹਾਂ 'ਚੋਂ 117 ਮਦਰੱਸੇ ਵਕਫ ਬੋਰਡ ਦੇ ਅਧੀਨ ਆਉਂਦੇ ਹਨ। ਸ਼ਾਦਾਬ ਸ਼ਮਸ ਦਾ ਕਹਿਣਾ ਹੈ ਕਿ ਮਦਰੱਸਿਆਂ 'ਚ ਵਿਦਿਆਰਥੀ ਪੈਗੰਬਰਾਂ ਬਾਰੇ ਜਾਣਕਾਰੀ ਦੇ ਨਾਲ-ਨਾਲ ਸ਼੍ਰੀ ਰਾਮ ਜੀ ਦੇ ਜੀਵਨ ਨੂੰ ਨੇੜਿਓਂ ਜਾਣ ਸਕਣਗੇ। ਉੱਤਰਾਖੰਡ ਵਕਫ਼ ਬੋਰਡ ਨੇ ਪਹਿਲਾਂ ਹੀ ਚਾਰ ਮਦਰੱਸਿਆਂ ਨੂੰ ਆਧੁਨਿਕ ਮਦਰੱਸਿਆਂ 'ਚ ਬਦਲਣ ਦਾ ਫੈਸਲਾ ਕੀਤਾ ਸੀ। ਇਨ੍ਹਾਂ 'ਚ ਦੇਹਰਾਦੂਨ, ਊਧਮ ਸਿੰਘ ਨਗਰ, ਹਰਿਦੁਆਰ ਅਤੇ ਨੈਨੀਤਾਲ ਦੇ ਮਦਰੱਸੇ ਸ਼ਾਮਲ ਹਨ। ਇਨ੍ਹਾਂ 'ਚ NCERT ਦਾ ਸਿਲੇਬਸ ਲਾਗੂ ਕੀਤਾ ਜਾ ਰਿਹਾ ਹੈ। NCERT ਦੀਆਂ ਕਿਤਾਬਾਂ ਇਸ ਸੈਸ਼ਨ ਤੋਂ ਇਨ੍ਹਾਂ ਮਦਰੱਸਿਆਂ 'ਚ ਲਾਗੂ ਕੀਤੀਆਂ ਜਾਣਗੀਆਂ। ਪਾਠਕ੍ਰਮ 'ਚ ਸੰਸਕ੍ਰਿਤ ਵਿਸ਼ੇ ਨੂੰ ਵੀ ਪਹਿਲ ਦਿੱਤੀ ਗਈ ਹੈ।
ਵਕਫ਼ ਬੋਰਡ ਦੇ ਚੇਅਰਮੈਨ ਸ਼ਾਦਾਬ ਸ਼ਮਸ ਦਾ ਕਹਿਣਾ ਹੈ ਕਿ ਆਪਣੇ ਪੁਰਖਿਆਂ ਦੀ ਪਰੰਪਰਾ ਨੂੰ ਕਾਇਮ ਰੱਖਣਾ ਉਨ੍ਹਾਂ ਦੀ ਪਹਿਲ ਹੈ। ਇਸ ਲਈ ਵਿਕਸਿਤ ਭਾਰਤ ਦੀ ਤਰਜ਼ 'ਤੇ ਮਦਰੱਸਿਆਂ 'ਚ ਬਦਲਾਅ ਲਿਆਉਣ ਲਈ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਸਾਰੇ ਧਰਮਾਂ ਅਤੇ ਜਾਤਾਂ ਦੇ ਵਿਦਿਆਰਥੀ ਮਦਰੱਸਿਆਂ 'ਚ ਸਿੱਖਿਆ ਲੈ ਸਕਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਦਰੱਸਿਆਂ 'ਚ ਪੜ੍ਹ ਰਹੇ ਵਿਦਿਆਰਥੀਆਂ ਦੀ ਸਿੱਖਿਆ 'ਚ ਸੁਧਾਰ ਲਈ ਇਕ ਹੱਥ 'ਚ ਕੁਰਾਨ ਅਤੇ ਦੂਜੇ 'ਚ ਲੈਪਟਾਪ ਦੇਣ ਦਾ ਵਾਅਦਾ ਕੀਤਾ ਹੈ। ਸਰਕਾਰ ਮਦਰੱਸਿਆਂ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਕੰਮ ਕਰ ਰਹੀ ਹੈ। ਸ਼੍ਰੀ ਰਾਮ ਕਥਾ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣ ਦਾ ਮੁੱਖ ਉਦੇਸ਼ ਆਪਸੀ ਭਾਈਚਾਰਾ ਵਧਾਉਣਾ ਹੈ। ਵਕਫ ਬੋਰਡ ਦੇ ਚੇਅਰਮੈਨ ਸ਼ਾਦਾਬ ਸ਼ਸ਼ਮ ਨੇ ਇੰਡੋਨੇਸ਼ੀਆ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਮੁਸਲਿਮ ਦੇਸ਼ ਹੋਣ ਦੇ ਬਾਵਜੂਦ ਉਥੋਂ ਦੇ ਲੋਕ ਸ਼੍ਰੀ ਰਾਮ ਨੂੰ ਆਦਰਸ਼ ਮੰਨਦੇ ਹਨ। ਭਾਰਤ 'ਚ ਰਹਿਣ ਵਾਲੇ ਮੁਸਲਮਾਨਾਂ ਨੂੰ ਵੀ ਇੰਡੋਨੇਸ਼ੀਆ ਤੋਂ ਸਿੱਖਣਾ ਚਾਹੀਦਾ ਹੈ।