ਕੋਰੋਨਾ ਦੇ ਵਧਦੇ ਕਹਿਰ ਦਰਮਿਆਨ ਉੱਤਰ ਪ੍ਰਦੇਸ਼ ਸਰਕਾਰ ਨੇ ਵਧਾਈ ਤਾਲਾਬੰਦੀ ਦੀ ਮਿਆਦ
Friday, Apr 30, 2021 - 12:10 PM (IST)
ਲਖਨਊ– ਉੱਤਰ ਪ੍ਰਦੇਸ਼ ਸਰਕਾਰ ਨੇ ਵੀਕੈਂਡ ਤਾਲਾਬੰਦੀ ਦੀ ਮਿਆਦ ਇਕ ਦੀ ਹੋਰ ਵਧਾ ਦਿੱਤੀ ਹੈ। ਸੂਚਨਾ ਵਿਭਾਗ ਦੇ ਮੁੱਖ ਸਕੱਤਰ ਨਵਨੀਤ ਸਹਿਗਲ ਨੇ ਵੀਰਵਾਰ ਨੂੰ ਦੱਸਿਆ ਕਿ ਸੂਬੇ ’ਚ ਹੁਣ ਸ਼ੁੱਕਰਵਾਰ ਰਾਤ 8 ਵਜੇ ਤੋਂ ਮੰਗਲਵਾਰ ਸਵੇਰੇ 7 ਵਜੇ ਤਕ ਤਾਲਾਬੰਦੀ ਰਹੇਗੀ। ਪਹਿਲਾਂ ਇਹ ਸੋਮਵਾਰ ਸਵੇਰੇ 7 ਵਜੇ ਤਕ ਲਾਗੂ ਰਹਿੰਦਾ ਸੀ। ਸਹਿਗਲ ਨੇ ਦੱਸਿਆ ਕਿ ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਦੀ ਨਿਰਵਿਘਨ ਜਾਰੀ ਰਹਿਣਗੀਆਂ। ਉਦਯੋਗਿਕ ਗਤੀਵਿਧੀਆਂ ਅਤੇ ਟੀਕਾਕਰਨ ਦਾ ਕੰਮ ਵੀਕੈਂਡ ਤਾਲਾਬੰਦੀ ’ਚ ਵੀ ਜਾਰੀ ਰਹੇਗਾ। ਇਸ ਪ੍ਰਣਾਲੀ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ।
Lockdown in the state will now remain imposed from Friday evenings to 7 am on Tuesdays. The decision has been taken in the wake of #COVID19 situation.
— ANI UP (@ANINewsUP) April 29, 2021
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਅਗਵਾਈ ’ਚ ਹੋਈ ਸਮੀਖਿਆ ਬੈਠਕ ’ਚ ਇਹ ਫੈਸਲਾ ਲਿਆ ਗਿਆ। ਸਹਿਗਲ ਮੁਤਾਬਕ, ਮੁੱਖ ਮੰਤਰੀ ਨੇ ਬੈਠਕ ’ਚ ਕਿਹਾ ਕਿ ਕੋਵਿਡ ਇਨਫੈਕਸ਼ਨ ਦੀ ਤੇਜ਼ ਦਰ ਨਾਲ ਮਰੀਜ਼ਾਂ ਦੀ ਗਿਣਤੀ ਵਧੀ ਹੈ। ਇਸ ਵਾਰ ਦੀ ਲਹਿਰ ’ਚ ਆਕਸੀਜਨ ਦੀ ਮੰਗ ਆਮ ਨਾਲੋਂ ਕਈ ਗੁਣਾ ਜ਼ਿਆਦਾ ਹੈ। ਇਸ ਸੰਬੰਧੀ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਕੁਝ ਲੋਕ ਬੇਲੋੜੇ ਡਰ ਕਾਰਨ ਆਕਸੀਜਨ ਸਿਲੰਡਰ ਦੀ ਜਮ੍ਹਾਖੋਰੀ ਕਰਨ ’ਚ ਲੱਗ ਗਏ ਹਨ। ਰੇਮਡੇਸਿਵਿਰ ਵਰਗੀ ਜੀਵਨ ਰੱਖਿਅਕ ਮੰਨੀ ਜਾ ਰਹੀ ਦਵਾਈ ਦੀ ਕਾਲਾਬਾਜ਼ਾਰੀ ਕਰ ਰਹੇ ਹਨ। ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਯੋਗੀ ਨੇ ਨਿਰਦੇਸ਼ ਦਿੱਤੇ ਹਨ ਕਿ ਮਾਹਰ ਡਾਕਟਰਾਂ ਦਾ ਪੈਨਲ ਗਠਿਤ ਕਰਕੇ ਲੋਕਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ। ਕਿਸ ਨੂੰ ਹਸਪਤਾਲ ’ਚ ਦਾਖਲ ਹੋਣਾ ਜ਼ਰੂਰੀ ਹੈ, ਕਿਸ ਨੂੰ ਰੇਮਡੇਸਿਵਿਰ ਦੀ ਲੋੜ ਹੈ ਅਤੇ ਕਿਹੜੇ ਮਰੀਜ਼ ਨੂੰ ਆਕਸੀਜਨ ਦੀ ਲੋੜ ਹੈ। ਬੇਲੋੜੇ ਡਰ ਅਤੇ ਅਗਿਆਨਤਾ ਕਾਰਨ ਲੋਕ ਇਨ੍ਹਾਂ ਜ਼ਰੂਰੀ ਚੀਜ਼ਾਂ ਨੂੰ ਇਕੱਠਾ ਕਰ ਰਹੇ ਹਨ। ਇਸ ਨਾਲ ਸਿਸਟਮ ’ਤੇ ਬੁਰਾ ਅਸਰ ਪੈਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਕੁਝ ਹਸਪਤਾਲਾਂ ਦੁਆਰਾ ਮਰੀਜ਼ਾਂ ਤੋਂ ਨਾਜਾਇਜ਼ ਵਸੂਲੀ ਦੀ ਸ਼ਿਕਾਇਤ ਮਿਲੀ ਹੈ।