ਬੇਰਹਿਮ ਅਧਿਆਪਕ! ਟੈਸਟ 'ਚ ਗ਼ਲਤ ਸ਼ਬਦ ਲਿਖਣ ’ਤੇ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ, ਹੋਈ ਮੌਤ
Tuesday, Sep 27, 2022 - 03:19 PM (IST)
ਔਰੈਯਾ- ਉੱਤਰ ਪ੍ਰਦੇਸ਼ ਦੇ ਔਰੈਯਾ ਜ਼ਿਲ੍ਹੇ ਦੇ ਅੱਛਲਦਾ ਥਾਣਾ ਖੇਤਰ ’ਚ ਅਧਿਆਪਕ ਵਲੋਂ ਕੁੱਟਮਾਰ ਕਾਰਨ 10ਵੀਂ ’ਚ ਪੜ੍ਹਨ ਵਾਲੇ ਇਕ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਦੇ ਵਿਰੋਧ ’ਚ ਭੜਕੇ ਲੋਕਾਂ ਨੇ ਪ੍ਰਦਰਸ਼ਨ ਕਰਦੇ ਹੋਏ ਪੁਲਸ ਮੁਲਾਜ਼ਮਾਂ ’ਤੇ ਪਥਰਾਅ ਕੀਤਾ ਅਤੇ ਇਕ ਪੁਲਸ ਵਾਹਨ ਨੂੰ ਅੱਗ ਲਾ ਦਿੱਤੀ। ਪੁਲਸ ਅਧਿਕਾਰੀ ਮਹਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਦੋਸ਼ੀ ਅਧਿਆਪਕ ਵਿਰੁੱਧ ਭਾਰਤੀ ਸਜ਼ਾ ਜ਼ਾਬਤਾ ਦੀਆਂ ਧਾਰਾਵਾਂ 304 (ਗੈਰ-ਇਰਾਦਤਨ ਕਤਲ) ਅਤੇ ਐਸਸੀ/ਐਸਟੀ ਪ੍ਰੀਵੈਨਸ਼ਨ ਐਕਟ ਸਮੇਤ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਦੋਸ਼ੀ ਅਧਿਆਪਕ ਨੂੰ ਸਸਪੈਂਡ ਕਰਨ ਦੇ ਹੁਕਮ ਸਕੂਲ ਪ੍ਰਬੰਧਕ ਨੂੰ ਦੇ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਮਰਸਡੀਜ਼ ਨਾਲ ਟੱਕਰ ਮਗਰੋਂ ਦੋ ਹਿੱਸਿਆਂ ’ਚ ਟੁੱਟਿਆ ਟਰੈਕਟਰ, ਤਸਵੀਰਾਂ ’ਚ ਵੇਖੋ ਦਰਦਨਾਕ ਮੰਜ਼ਰ
ਟੈਸਟ ’ਚ ਗਲਤੀ ਕਾਰਨ ਅਧਿਆਪਕ ਨੇ ਡੰਡਿਆਂ ਨਾਲ ਕੁੱਟਿਆ
ਪੁਲਸ ਮੁਤਾਬਕ ਪਿੰਡ ਵਸੌਲੀ ਦਾ ਰਹਿਣ ਵਾਲਾ ਨਿਖਿਲ ਕੁਮਾਰ (15) ਅੱਛਲਦਾ ਥਾਣਾ ਖੇਤਰ ਅਧੀਨ ਪੈਂਦੇ ਇਕ ਇੰਟਰ ਕਾਲਜ ’ਚ 10ਵੀਂ ਜਮਾਤ ਵਿਚ ਪੜ੍ਹਦਾ ਸੀ। ਨਿਖਿਲ ਦੇ ਪਿਤਾ ਰਾਜੂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ 7 ਸਤੰਬਰ ਨੂੰ ਸਮਾਜਿਕ ਵਿਗਿਆਨ ਦੇ ਅਧਿਆਪਕ ਅਸ਼ਵਨੀ ਸਿੰਘ ਨੇ ਟੈਸਟ 'ਚ ਦੋ ਗ਼ਲਤੀਆਂ ਕਰਨ 'ਤੇ ਉਸ ਦੇ ਬੇਟੇ ਨੂੰ ਲੱਤਾਂ, ਮੁੱਕਿਆਂ ਅਤੇ ਡੰਡਿਆਂ ਨਾਲ ਕੁੱਟਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ।
ਇਹ ਵੀ ਪੜ੍ਹੋ- ਕੋਲਕਾਤਾ: ‘ਮਾਂ ਤੁਝੇ ਸਲਾਮ’ ਥੀਮ ਅਧਾਰਿਤ ਦੁਰਗਾ ਪੂਜਾ ਪੰਡਾਲ, ਹਜ਼ਾਰਾਂ ਯਾਦਗਾਰੀ ਸਿੱਕਿਆਂ ਨਾਲ ਸਜਿਆ
ਇਲਾਜ ਦੌਰਾਨ ਨਿਖਿਲ ਨੇ ਤੋੜਿਆ ਦਮ
ਬੱਚੇ ਦੇ ਬੇਹੋਸ਼ ਹੋਣ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਸਕੂਲ ਪੁੱਜੇ ਅਤੇ ਬੱਚੇ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਨਿਖਿਲ ਨੂੰ ਸੈਫਈ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਵੀ ਉਸ ਦੀ ਹਾਲਤ 'ਚ ਸੁਧਾਰ ਨਹੀਂ ਹੋਇਆ ਅਤੇ ਸੋਮਵਾਰ ਨੂੰ ਉਸ ਦੀ ਮੌਤ ਹੋ ਗਈ। ਪੁਲਸ ਸੂਤਰਾਂ ਮੁਤਾਬਕ ਸੋਮਵਾਰ ਨੂੰ ਵਿਦਿਆਰਥੀ ਦੀ ਮੌਤ ਦੀ ਖਬਰ ਤੋਂ ਬਾਅਦ ਇੰਟਰ ਕਾਲਜ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ।
ਗੁੱਸੇ ’ਚ ਆਏ ਲੋਕਾਂ ਨੇ ਕੀਤਾ ਪ੍ਰਦਰਸ਼ਨ
ਇਸ ਦੌਰਾਨ ਭੀਮ ਆਰਮੀ ਦੇ ਮੈਂਬਰ ਪਿੰਡ ਪਹੁੰਚ ਗਏ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਭੀੜ ਵਧਣ ਲੱਗੀ। ਗੁੱਸੇ 'ਚ ਆਈ ਭੀੜ ਨੇ ਪਿੰਡ ਪਹੁੰਚੀ ਐਂਬੂਲੈਂਸ 'ਚ ਰੱਖੀ ਲਾਸ਼ ਨੂੰ ਜ਼ਬਰਦਸਤੀ ਬਾਹਰ ਕੱਢ ਲਿਆ ਅਤੇ ਕਾਲਜ ਦੇ ਬਾਹਰ ਰੱਖ ਕੇ ਵਿਰੋਧ ਸ਼ੁਰੂ ਕਰ ਦਿੱਤਾ। ਹੰਗਾਮਾ ਵਧਦੇ ਹੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਪਰ ਪਰਿਵਾਰ ਮੰਗਾਂ ਪੂਰੀਆਂ ਹੋਣ ਤੱਕ ਲਾਸ਼ ਨੂੰ ਨਾ ਹਟਾਉਣ 'ਤੇ ਅੜੇ ਰਹੇ।
ਇਹ ਵੀ ਪੜ੍ਹੋ- ‘ਪਿਆਰਾ ਸਜਾ ਹੈ ਦਰਬਾਰ ਭਵਾਨੀ’: ਨਰਾਤਿਆਂ ਮੌਕੇ ਰੰਗ-ਬਿਰੰਗੇ ਫੁੱਲਾਂ ਨਾਲ ਸਜੇ ਸ਼ਕਤੀਪੀਠ
ਪੁਲਸ ਸੁਪਰਡੈਂਟ ਨੇ ਹਾਲਾਤ ਨੂੰ ਕੀਤਾ ਕਾਬੂ
ਇਸ ਘਟਨਾ ਦੇ ਵਿਰੋਧ 'ਚ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪੁਲਸ ਦੀ ਜੀਪ ਨੂੰ ਅੱਗ ਲਗਾ ਦਿੱਤੀ। ਇੰਨਾ ਹੀ ਨਹੀਂ ਪ੍ਰਦਰਸ਼ਨਕਾਰੀਆਂ ਨੇ ਜ਼ਿਲ੍ਹਾ ਮੈਜਿਸਟਰੇਟ ਦੀ ਗੱਡੀ ਦੀ ਵੀ ਭੰਨ-ਤੋੜ ਕੀਤੀ ਪਰ ਜਿਵੇਂ ਹੀ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਪੁੱਜੇ ਤਾਂ ਉਹ ਇੰਟਰ ਕਾਲਜ ਦੀ ਇਮਾਰਤ ਵਿਚ ਲੁਕ ਗਏ। ਪੁਲਸ ਸੁਪਰਡੈਂਟ ਔਰਈਆ ਚਾਰੂ ਨਿਗਮ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਕੀਤਾ। ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਚੰਦਰ ਪ੍ਰਕਾਸ਼ ਸ੍ਰੀਵਾਸਤਵ ਨੇ ਪੀੜਤ ਵਿਦਿਆਰਥੀ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਮੰਗ ਨੂੰ ਜਿੰਨਾ ਸੰਭਵ ਹੋ ਸਕੇ ਪੂਰਾ ਕਰਨ ਦਾ ਭਰੋਸਾ ਦਿੱਤਾ।
ਭਰੋਸੇ ਮਗਰੋਂ ਮਾਪੇ ਅੰਤਿਮ ਸੰਸਕਾਰ ਲਈ ਹੋਏ ਸਹਿਮਤ
ਪੁਲਸ ਸੁਪਰਡੈਂਟ ਚਾਰੂ ਨਿਗਮ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀ ਅਧਿਆਪਕ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਬਿਧੁਨਾ ਦੇ ਪੁਲਸ ਅਧਿਕਾਰੀ ਮਹਿੰਦਰ ਪ੍ਰਤਾਪ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਪਰਿਵਾਰਕ ਮੈਂਬਰ ਬੱਚੇ ਦੇ ਸਸਕਾਰ ਲਈ ਸਹਿਮਤ ਹੋ ਗਏ ਹਨ।
ਅੱਜ ਨਿਖਿਲ ਦਾ ਸਸਕਾਰ ਹੋਵੇਗਾ।