ਪਿਆਰ ਕਰਨ ਦੀ ਖੌਫ਼ਨਾਕ ਸਜ਼ਾ, ਕੁੜੀ ਦੇ ਪਰਿਵਾਰ ਵਾਲਿਆਂ ਨੇ ਪ੍ਰੇਮੀ ਜੋੜੇ ਨੂੰ ਜਿਊਂਦੇ ਸਾੜਿਆ

8/6/2020 11:45:10 AM

ਬਾਂਦਾ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ 'ਚ ਮਟੌਂਧ ਥਾਣਾ ਖੇਤਰ ਦੇ ਇਕ ਪਿੰਡ 'ਚ ਇਕ ਪ੍ਰੇਮੀ ਜੋੜੇ ਨੂੰ ਕੁੜੀ ਦੇ ਪਰਿਵਾਰ ਵਾਲਿਆਂ ਨੇ ਕਥਿਤ ਤੌਰ 'ਤੇ ਜਿਊਂਦੇ ਸਾੜ ਦਿੱਤਾ, ਜਿਸ ਨਾਲ ਦੋਹਾਂ ਦੀ ਮੌਤ ਹੋ ਗਈ। ਐਡੀਸ਼ਨਲ ਪੁਲਸ ਸੁਪਰਡੈਂਟ (ਏ.ਐੱਸ.ਪੀ.) ਮਹੇਂਦਰ ਪ੍ਰਤਾਪ ਸਿੰਘ ਚੌਹਾਨ ਨੇ ਵੀਰਵਾਰ ਨੂੰ ਕਿਹਾ,''ਮਟੌਂਧ ਥਾਣਾ ਖੇਤਰ ਦੇ ਕਰਛਾ ਪਿੰਡ 'ਚ ਬੁੱਧਵਾਰਸ਼ਾਮ ਇਕ ਪ੍ਰੇਮੀ ਜੋੜੇ ਨੂੰ ਕੁੜੀ ਦੇ ਪਰਿਵਾਰ ਵਾਲਿਆਂ ਨੇ ਕਮਰੇ 'ਚ ਬੰਦ ਕਰ ਕੇ ਜਿਊਂਦੇ ਸਾੜ ਦਿੱਤਾ। ਦੋਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਨੌਜਵਾਨ ਭੋਲਾ (23) ਦੀ ਮੌਤ ਹੋ ਗਈ।''

ਉਨ੍ਹਾਂ ਨੇ ਦੱਸਿਆ ਕਿ ਕਰੀਬ 80 ਫੀਸਦੀ ਤੱਕ ਝੁਲਸ ਚੁੱਕੀ ਕੁੜੀ ਪ੍ਰਿਯੰਕਾ (19) ਨੇ ਵੀ ਕਾਨਪੁਰ ਦੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ। ਚੌਹਾਨ ਨੇ ਕਿਹਾ,''ਇਸ ਸਿਲਸਿਲੇ 'ਚ ਕੁੜੀ ਦੇ 9 ਪਰਿਵਾਰ ਮੈਂਬਰਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ 'ਚੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਬਾਕੀ ਲੋਕਾਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।'' ਉਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਦਾ ਵੀਰਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ।


DIsha

Content Editor DIsha