ਇਕ ਹੀ ਪਰਿਵਾਰ ਦੇ 5 ਮੈਂਬਰਾਂ ਨੇ ਨਦੀ ''ਚ ਮਾਰੀ ਛਾਲ, 4 ਦੀ ਮੌਤ
Friday, Mar 13, 2020 - 04:31 PM (IST)
ਰਾਏਬਰੇਲੀ— ਉੱਤਰ ਪ੍ਰਦੇਸ਼ 'ਚ ਰਾਏਬਰੇਲੀ ਜ਼ਿਲੇ ਦੇ ਗੁਰੂਬਖਸ਼ਗੰਜ ਖੇਤਰ 'ਚ ਸ਼ੁੱਕਰਵਾਰ ਨੂੰ ਪਰਿਵਾਰਕ ਕਲੇਸ਼ ਕਾਰਨ ਇਕ ਹੀ ਪਰਿਵਾਰ ਦੇ 5 ਲੋਕਾਂ ਨੇ ਸਈ ਨਦੀ 'ਚ ਛਾਲ ਮਾਰ ਦਿੱਤੀ, ਜਿਸ 'ਚ 4 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ, ਜਦੋਂ ਕਿ ਇਕ ਔਰਤ ਨੂੰ ਬਚਾ ਲਿਆ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਰਾਮਕਲੀ ਤਿੰਨ ਮਾਸੂਮ ਨਾਬਾਲਗ ਬੇਟੀਆਂ ਹਿਮਾਂਸ਼ੀ, ਦੇਸ਼ਨੀ, ਰੋਸ਼ਨੀ ਅਤੇ ਅਪਾਹਜ ਦਿਓਰ ਅਮਰਦੇਵ ਨਾਲ ਨਦੀ ਦੇ ਪੁਲ ਤੱਕ ਗਈ ਅਤੇ ਉੱਥੋਂ ਛਾਲ ਮਾਰ ਦਿੱਤੀ। ਨੇੜੇ-ਤੇੜੇ ਦੇ ਲੋਕਾਂ ਨੇ ਰੋਲਾ ਪਾਇਆ ਤਾਂ ਗੋਤਾਖੋਰਾਂ ਨੇ ਨਦੀ 'ਚ ਛਾਲ ਮਾਰੀ। ਇਸ ਦਰਮਿਆਨ ਔਰਤ ਰਾਮਕਲੀ ਤਾਂ ਰੁੜ ਕੇ ਕਿਨਾਰੇ ਲੱਗ ਗਈ ਅਤੇ ਬਚਾ ਲਈ ਪਰ ਅਪਾਹਜ ਦਿਓਰ ਅਤੇ ਤਿੰਨ ਮਾਸੂਮ ਬੱਚੀਆਂ ਦੀ ਡੁੱਬ ਕੇ ਮੌਤ ਹੋ ਗਈ।
ਉਨ੍ਹਾਂ ਨੇ ਦੱਸਿਆ ਇਕ ਔਰਤ ਦਾ ਦੋਸ਼ ਹੈ ਕਿ ਉਸ ਦਾ ਪਤੀ ਅਮਰਨਾਥ ਉਸ 'ਤੇ ਅਤੇ ਉਸ ਦੇ ਦਿਓਰ 'ਤੇ ਸ਼ੱਕ ਕਰਦਾ ਸੀ ਅਤੇ ਆਏ ਦਿਨ ਕਲੇਸ਼ ਤੇ ਕੁੱਟਮਾਰ ਕਰਦਾ ਸੀ, ਜਿਸ ਤੋਂ ਤੰਗ ਆ ਕੇ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ। ਸੂਤਰਾਂ ਨੇ ਦੱਸਿਆ ਕਿ ਔਰਤ ਫਿਰ ਤੋਂ ਨਦੀ 'ਚ ਛਾਲ ਨਾ ਮਾਰ ਦੇਵੇ, ਇਸ ਲਈ ਉਸ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ ਗਿਆ ਸੀ। ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ 6 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਅਤੇ ਉਸ ਦੇ ਅਪਾਹਜ ਦਿਓਰ ਦੀ ਲਾਸ਼ ਬਰਾਮਦ ਕਰ ਲਈ ਹੈ ਅਤੇ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਸਭ ਤੋਂ ਛੋਟੀ ਡੇਢ ਸਾਲ ਦੀ ਬੱਚੀ ਰੋਸ਼ਨੀ ਦੀ ਲਾਸ਼ ਦੀ ਤਲਾਸ਼ ਕਰ ਰਹੀ ਹੈ। ਔਰਤ ਦਾ ਪਤੀ ਅਮਰਨਾਥ ਪੁਲਸ ਹਿਰਾਸਤ 'ਚ ਹੈ।