‘ਦੰਗਾ ਅਤੇ ਡਰ ਮੁਕਤ ਉੱਤਰ ਪ੍ਰਦੇਸ਼’ ਦੀ ਵਿਕਾਸ ਯਾਤਰਾ ਜਾਰੀ ਰੱਖਣ ਲਈ ਵੋਟ ਪਾਓ: ਯੋਗੀ
Monday, Feb 14, 2022 - 09:36 AM (IST)
ਲਖਨਊ (ਵਾਰਤਾ)— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੋਮਵਾਰ ਯਾਨੀ ਕਿ ਅੱਜ ਸੂਬੇ ’ਚ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਸ਼ੁਰੂ ਹੋਈਆਂ ਵੋਟਾਂ ’ਚ ਪ੍ਰਦੇਸ਼ ਵਾਸੀਆਂ ਨੂੰ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਯੋਗੀ ਨੇ ਇਨ੍ਹਾਂ ਚੋਣਾਂ ਨੂੰ ‘ਦੰਗਾ ਅਤੇ ਡਰ ਮੁਕਤ ਉੱਤਰ ਪ੍ਰਦੇਸ਼’ ਦੀ ਵਿਕਾਸ ਯਾਤਰਾ ਦਾ ਅਹਿਮ ਪੜਾਅ ਦੱਸਿਆ ਹੈ। ਉਨ੍ਹਾਂ ਨੇ ਸਵੇਰੇ 7 ਵਜੇ ਵੋਟਾਂ ਸ਼ੁਰੂ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਜਾਰੀ ਆਪਣੇ ਸੰਦੇਸ਼ ’ਚ ਕਿਹਾ, ‘‘ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਦੇ ਦੂਜੇ ਪੜਾਅ ਦੇ ਸਾਰੇ ਸਤਿਕਾਰਯੋਗ ਵੋਟਰਾਂ ਨੂੰ ਦਿਲੋਂ ਸ਼ੁੱਭਕਾਮਨਾਵਾਂ।
ਵੋਟ ਦੇ ਅਧਿਕਾਰ ਅਤੇ ਫਰਜ਼ ਦੇ ਨਾਲ-ਨਾਲ ‘ਰਾਸ਼ਟਰ ਧਰਮ’ ਵੀ ਹੈ। ‘ਦੰਗਾ ਮੁਕਤ ਅਤੇ ਡਰ ਮੁਕਤ ਨਵੇਂ ਉੱਤਰ ਪ੍ਰਦੇਸ਼ ਦੀ ਵਿਕਾਸ ਯਾਤਰਾ ਨੂੰ ਜਾਰੀ ਰੱਖਣ ਲਈ ਵੋਟਿੰਗ ਜ਼ਰੂਰੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ ਅਤੇ ਸ਼ਾਮ 6 ਵਜੇ ਤੱਕ ਚੱਲਣ ਵਾਲੀ ਵੋਟਿੰਗ ’ਚ ਦੂਜੇ ਪੜਾਅ ’ਚ 9 ਜ਼ਿਲ੍ਹਿਆਂ ਦੀਆਂ 55 ਸੀਟਾਂ ’ਤੇ 2.01 ਕਰੋੜ ਵੋਟਰ ਈ. ਵੀ. ਐੱਮ. ’ਚ 69 ਮਹਿਲਾ ਉਮੀਦਵਾਰਾਂ ਸਮੇਤ 586 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।