ਉੱਤਰ ਪ੍ਰਦੇਸ਼ ''ਚ ਜ਼ਿਲ੍ਹਾ ਪੰਚਾਇਤ ਪ੍ਰਧਾਨ ਦੀ ਕਰੋੜਾਂ ਰੁਪਏ ਦੀ ਜਾਇਦਾਦ ਕੁਰਕ
Saturday, Sep 19, 2020 - 12:16 PM (IST)
ਦੇਵਰੀਆ- ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹਾ ਪੰਚਾਇਤ ਪ੍ਰਧਾਨ ਰਾਮ ਪ੍ਰਵੇਸ਼ ਯਾਦਵ ਦੀ 16 ਕਰੋੜ ਰੁਪਏ ਦੀ ਜਾਇਦਾਦ ਸ਼ੁੱਕਰਵਾਰ ਨੂੰ ਕੁਰਕ ਕਰ ਲਈ। ਇਸ 'ਚ ਕਰੀਬ ਇਕ ਦਰਜਨ ਪਲਾਟ, ਮਕਾਨ, ਇੱਟ ਭੱਠਾ, ਅੰਡਾ ਫਾਰਮ ਤੋਂ ਇਲਾਵਾ ਚਾਰ ਪਹੀਆ ਗੱਡੀਆਂ ਸ਼ਾਮਲ ਹੈ। ਵੀਰਵਾਰ ਨੂੰ ਜ਼ਿਲ੍ਹਾ ਅਧਿਕਾਰੀ ਅਮਿਤ ਕਿਸ਼ੋਰ ਨੇ ਜ਼ਿਲ੍ਹਾ ਪੰਚਾਇਤ ਪ੍ਰਧਾਨ ਦੀ ਜਾਇਦਾਦ ਕੁਰਕ ਕਰਨ ਦਾ ਆਦੇਸ਼ ਦਿੱਤਾ ਸੀ। ਪੁਲਸ ਸੁਪਰਡੈਂਟ ਡਾ. ਸ਼੍ਰੀਪਤੀ ਮਿਸ਼ਰ ਨੇ ਦੱਸਿਆ ਕਿ ਮੁਹੱਲਾ ਦੇਵਰੀਆ ਖਾਸ ਵਾਸੀ ਦੀਪਕ ਮਣੀ ਨੂੰ 20 ਮਾਰਚ 2019 ਨੂੰ ਸਲੇਮਪੁਰ ਰੇਲਵੇ ਸਟੇਸ਼ਨ ਤੋਂ ਅਗਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਪ੍ਰਵੇਸ਼ ਯਾਦਵ ਨੇ 17 ਅਪ੍ਰੈਲ 2018 ਨੂੰ ਉਸ ਦੀ 10 ਕਰੋੜ ਰੁਪਏ ਦੀ ਜ਼ਮੀਨ ਜ਼ਬਰਦਸਤੀ ਆਪਣੇ ਨਾਂ ਕਰਵਾ ਲਈ ਸੀ।
ਉਨ੍ਹਾਂ ਨੇ ਦੱਸਿਆ ਕਿ ਯਾਦਵ ਵਿਰੁੱਧ ਜ਼ਮੀਨ ਜ਼ਬਰਦਸਤੀ ਆਪਣੇ ਨਾਂ ਕਰਵਾਉਣ ਦਾ ਮੁਕੱਦਮਾ ਦਰਜ ਹੋਇਆ ਸੀ ਅਤੇ ਗੈਂਗਸਟਰ ਐਕਟ ਦੇ ਅਧੀਨ ਕਾਰਵਾਈ ਕੀਤੀ ਗਈ ਸੀ। ਪੁਲਸ ਸੁਪਰਡੈਂਟ ਅਨੁਸਾਰ ਜ਼ਿਲ੍ਹਾ ਪੰਚਾਇਤ ਪ੍ਰਧਾਨ ਦੇ ਇਕ ਦਰਜਨ ਤੋਂ ਵੱਧ ਪਲਾਟ, ਇੱਟ ਭੱਠਾ, ਮਕਾਨ, ਅੰਡਾ ਫਾਰਮ ਦੇ ਨਾਲ ਹੀ ਉਸ ਦੀਆਂ ਕਰੀਬ ਅੱਧਾ ਦਰਜਨ ਗੱਡੀਆਂ ਕੁਰਕ ਕੀਤੀਆਂ ਗਈਆਂ ਹਨ। ਇਨ੍ਹਾਂ ਜਾਇਦਾਦਾਂ ਦੀ ਕੀਮਤ ਕਰੀਬ 16 ਕਰੋੜ ਰੁਪਏ ਦੱਸੀ ਜਾ ਰਹੀ ਹੈ।