UP : ਆਜਮਗੜ੍ਹ 'ਚ ਮਾਰੇ ਗਏ ਦਲਿਤ ਪਿੰਡ ਪ੍ਰਧਾਨ ਦੇ ਘਰ ਜਾ ਰਹੇ ਕਾਂਗਰਸ ਨੇਤਾ ਹਿਰਾਸਤ 'ਚ ਲਏ ਗਏ

Thursday, Aug 20, 2020 - 05:57 PM (IST)

UP : ਆਜਮਗੜ੍ਹ 'ਚ ਮਾਰੇ ਗਏ ਦਲਿਤ ਪਿੰਡ ਪ੍ਰਧਾਨ ਦੇ ਘਰ ਜਾ ਰਹੇ ਕਾਂਗਰਸ ਨੇਤਾ ਹਿਰਾਸਤ 'ਚ ਲਏ ਗਏ

ਆਜਮਗੜ੍ਹ- ਉੱਤਰ ਪ੍ਰਦੇਸ਼ ਦੇ ਆਜਮਗੜ੍ਹ 'ਚ ਮਾਰੇ ਗਏ ਦਲਿਤ ਪਿੰਡ ਪ੍ਰਧਾਨ ਸਤਿਆਮੇਵ ਜਯਤੇ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਤਰਵਾਂ ਪਿੰਡ ਜਾ ਰਹੇ ਕਾਂਗਰਸ ਦੇ ਵਫ਼ਦ ਨੂੰ ਵੀਰਵਾਰ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ। ਕਾਂਗਰਸ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਜੇ ਕੁਮਾਰ ਲੱਲੂ ਅਤੇ ਰਾਜ ਸਭਾ ਮੈਂਬਰ ਪੀ.ਐੱਲ. ਪੁਨੀਆ ਨੇ ਪੁਲਸ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਹੋਏ ਸੂਬਾ ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ। ਲੱਲੂ ਨੇ ਦੋਸ਼ ਲਗਾਇਆ ਕਿ ਪ੍ਰਦੇਸ਼ 'ਚ ਹਰ ਵਿਅਕਤੀ ਦੀ ਆਜ਼ਾਦੀ ਦੀ ਆਵਾਜ਼ ਦਬਾਉਣ ਅਤੇ ਅਣਐਲਾਨੀ ਐਮਰਜੈਂਸੀ ਲਾਗੂ ਕਰਨ ਦਾ ਕੰਮ ਹੋ ਰਿਹਾ ਹੈ। ਉੱਥੇ ਹੀ ਰਾਜ ਸਭਾ ਸੰਸਦ ਮੈਂਬਰ ਪੀ.ਐੱਲ. ਪੁਨੀਆ ਨੇ ਕਿਹਾ ਕਿ ਜਨਪ੍ਰਤੀਨਿਧੀਆਂ ਨੂੰ ਨਜ਼ਰਬੰਦ ਕਰ ਕੇ ਸਰਕਾਰ, ਪ੍ਰਸ਼ਾਸਨ ਅਤੇ ਪੁਲਸ ਨੇ ਗਲਤ ਕੰਮ ਕੀਤਾ ਹੈ। ਅਸੀਂ ਇਸ ਮਾਮਲੇ ਨੂੰ ਸੰਸਦ 'ਚ ਚੁੱਕਾਂਗੇ। ਕਾਂਗਰਸ ਨੇਤਾਵਾਂ ਨੂੰ ਵੀਰਵਾਰ ਨੂੰ ਸਰਕਿਟ ਹਾਊਸ ਤੋਂ ਤਰਵਾਂ ਜਾਂਦੇ ਹੋਏ ਹਿਰਾਸਤ 'ਚ ਲਿਆ ਗਿਆ। ਕਾਂਗਰਸ ਨੇਤਾਵਾਂ ਨੇ ਇਸ ਦਾ ਵਿਰੋਧ ਕੀਤਾ। ਇਸ ਦੌਰਾਨ ਲੱਲੂ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾਏ ਹੋਏ ਹਨ।

ਦਲਿਤ ਪਿੰਡ ਪ੍ਰਧਾਨ ਦਾ ਕਤਲ ਹੋਇਆ ਹੈ ਅਤੇ ਸਰਕਾਰ ਪੁਲਸ ਦੇ ਦਮ 'ਤੇ ਸਾਨੂੰ ਰੋਕਣ 'ਚ ਲੱਗੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਰੋਕਣ ਲਈ ਜਿੰਨੀ ਪੁਲਸ ਲਗਾਈ ਗਈ ਹੈ, ਜੇਕਰ ਉਨ੍ਹਾਂ ਅਪਰਾਧੀਆਂ ਨੂੰ ਰੋਕਣ ਲਈ ਲਗਾਈ ਗਈ ਹੁੰਦੀ ਤਾਂ ਸ਼ਾਇਦ ਪ੍ਰਦੇਸ਼ 'ਚ ਅਪਰਾਧ ਰੁਕ ਜਾਂਦੇ। ਉਨ੍ਹਾਂ ਨੇ ਕਿਹਾ ਕਿ ਪੂਰੇ ਇਲਾਕੇ ਨੂੰ ਛਾਉਣੀ 'ਚ ਤਬਦੀਲ ਕਰ ਸਰਕਾਰ ਚੁਣੇ ਹੋਏ ਜਨਪ੍ਰਤੀਨਿਧੀਆਂ ਨੂੰ ਦਲਿਤ ਪੇਂਡੂ ਪ੍ਰਧਾਨ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਤੋਂ ਰੋਕ ਰਹੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਤਰਵਾਂ ਜ਼ਰੂਰ ਜਾਣਗੇ ਭਾਵੇਂ ਨਤੀਜੇ ਜੋ ਹੋਣ। ਰਾਜ ਸਭਾ ਮੈਂਬਰ ਪੀ.ਐੱਲ. ਪੁਨੀਆ ਨੇ ਕਿਹਾ ਚੁਣੇ ਹੋਏ ਜਨਪ੍ਰਤੀਨਿਧੀਆਂ ਨੂੰ ਇਸ ਤਰ੍ਹਾਂ ਨਾਲ ਰੋਕਣਾ, ਨਜ਼ਰਬੰਦ ਕੀਤਾ ਜਾਣਾ ਦੁਖਦ ਹੈ। ਪੁਲਸ ਕੋਲ ਰੋਕਣ ਦਾ ਕੋਈ ਆਦੇਸ਼ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੰਸਦ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ, ਅਸੀਂ ਇਸ ਮਾਮਲੇ ਨੂੰ ਜ਼ਰੂਰ ਚੁਕਾਂਗੇ। ਦੱਸਣਯੋਗ ਹੈ ਕਿ ਤਰਵਾਂ ਥਾਣਾ ਖੇਤਰ ਦੇ ਬਾਂਸਗਾਂਵ 'ਚ 14 ਅਗਸਤ ਦੀ ਸ਼ਾਮ ਨੂੰ ਦਲਿਤ ਪਿੰਡ ਪ੍ਰਧਾਨ ਸਤਿਆਮੇਵ ਜਯਤੇ ਉਰਫ਼ ਪੱਪੂ ਰਾਮ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।


author

DIsha

Content Editor

Related News