ਝੁਲਸੀ ਹਾਲਤ ’ਚ ਮਿਲੀ ਕਾਲਜ ਵਿਦਿਆਰਥਣ, ਬੀਤੇ ਕੱਲ੍ਹ ਤੋਂ ਸੀ ਲਾਪਤਾ
Tuesday, Feb 23, 2021 - 04:07 PM (IST)
ਸ਼ਾਹਜਹਾਂਪੁਰ— ਉੱਤਰ ਪ੍ਰਦੇਸ਼ ਦੇ ਸ਼ਹਾਜਹਾਂਪੁਰ ਜ਼ਿਲ੍ਹੇ ਵਿਚ ਕਾਲਜ ਦੀ ਇਕ ਵਿਦਿਆਰਥਣ ਬੁਰੀ ਤਰ੍ਹਾਂ ਝੁਲਸੀ ਅਤੇ ਨਗਨ ਹਾਲਤ ਵਿਚ ਮਿਲੀ ਹੈ। ਜਾਣਕਾਰੀ ਮੁਤਾਬਕ ਵਿਦਿਆਰਥਣ ਸ਼ੱਕੀ ਹਲਾਤਾਂ ਵਿਚ ਕਾਲਜ ਤੋਂ ਗਾਇਬ ਹੋ ਗਈ ਸੀ। ਝੁਲਸੀ ਅਤੇ ਨਗਨ ਹਾਲਤ ’ਚ ਹਾਈਵੇਅ ਦੇ ਕਿਨਾਰੇ ਮਿਲੀ ਵਿਦਿਆਰਥੀਆਂ ਨੂੰ ਗੰਭੀਰ ਹਾਲਤ ਵਿਚ ਲਖਨਊ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਮੁਤਾਬਕ ਉਹ ਸ਼ਾਹਜਹਾਂਪੁਰ ਦੇ ਇਕ ਕਾਲਜ ਵਿਚ ਗਰੈਜੂਏਸ਼ਨ ਦੀ ਵਿਦਿਆਰਥਣ ਹੈ। ਉਹ ਸੋਮਵਾਰ ਨੂੰ ਪੜ੍ਹਨ ਲਈ ਕਾਲਜ ਗਈ ਸੀ। ਜਦੋਂ ਉਹ ਘਰ ਨਹੀਂ ਪੁੱਜੀ ਤਾਂ ਉਸ ਨੂੰ ਲੈਣ ਲਈ ਉਸ ਦੇ ਪਿਤਾ ਕਾਲਜ ਗਏ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ।
ਪੁਲਸ ਮੁਤਾਬਕ ਵਿਦਿਆਰਥਣ ਦੇ ਪਿਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀ ਐੱਸ. ਆਨੰਦ ਨੇ ਮੰਗਲਵਾਰ ਨੂੰ ਦੱਸਿਆ ਕਿ ਸ਼ਹਿਰ ਦੇ ਹੀ ਕਾਲਜ ’ਚ ਗਰੈਜੂਏਸ਼ਨ ਦੀ ਪੜ੍ਹਾਈ ਕਰਨ ਵਾਲੀ ਵਿਦਿਆਰਥਣ ਲਖਨਊ-ਬਰੇਲੀ ਹਾਈਵੇਅ ’ਤੇ ਨਗਰੀਆ ਮੋੜ ਕੋਲ ਖੇਤਾਂ ’ਚ ਨਗਨ ਹਾਲਤ ਵਿਚ ਮਿਲੀ ਹੈ। ਐੱਸ. ਪੀ. ਮੁਤਾਬਕ ਪੁਲਸ ਅਧਿਕਾਰੀ ਅਤੇ ਮੈਜਿਸਟ੍ਰੇਟ ਵਲੋਂ ਵਿਦਿਆਰਥਣ ਦੇ ਬਿਆਨ ਲੈਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਉਹ ਬੋਲ ਨਹੀਂ ਸਕੀ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥਣ ਕਾਫੀ ਸੜ ਗਈ ਹੈ, ਅਜਿਹੇ ਵਿਚ ਉਸ ਨੂੰ ਬਿਹਤਰ ਇਲਾਜ ਲਈ ਲਖਨਊ ਰੈਫਰ ਕਰ ਦਿੱਤਾ ਗਿਆ ਹੈ।
ਵਿਦਿਆਰਥਣ ਦੇ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਖ਼ੁਦ ਹੈਰਾਨ ਹਨ, ਕਿਉਂਕਿ ਉਨ੍ਹਾਂ ਦੀ ਧੀ ਕਦੇ ਇਕੱਲੇ ਕਾਲਜ ਨਹੀਂ ਆਈ ਅਤੇ ਜੇਕਰ ਸਾਨੂੰ ਕੋਈ ਕੰਮ ਹੁੰਦਾ ਸੀ ਤਾਂ ਧੀ ਆਉਣ ਲਈ ਮਨਾ ਕਰ ਦਿੰਦੀ ਸੀ। ਹਫ਼ਤੇ ਜਾਂ 15 ਦਿਨ ਵਿਚ ਉਹ ਆਪਣੀ ਧੀ ਨੂੰ ਲੈ ਕੇ ਆਉਂਦੇ ਸਨ ਅਤੇ ਕਾਲਜ ਦੇ ਬਾਹਰ ਬੈਠ ਕੇ ਉਡੀਕ ਕਰਦੇ ਸਨ। ਉਸ ਦੀ ਪੜ੍ਹਾਈ ਪੂਰੀ ਹੋਣ ਮਗਰੋਂ ਉਹ ਖ਼ੁਦ ਧੀ ਨੂੰ ਲੈ ਕੇ ਪਿੰਡ ਤੱਕ ਜਾਂਦੇ ਸਨ। ਦੱਸ ਦੇਈਏ ਕਿ ਗੰਭੀਰ ਰੂਪ ਨਾਲ ਸੜੀ ਵਿਦਿਆਰਥਣ ਥਾਣਾ ਜਲਾਲਾਬਾਦ ਦੇ ਇਕ ਪਿੰਡ ਦੀ ਵਾਸੀ ਹੈ ਅਤੇ ਉੱਥੋਂ ਹੀ ਸ਼ਾਹਜਹਾਂਪੁਰ ਦੇ ਇਸ ਕਾਲਜ ਵਿਚ ਪੜ੍ਹਨ ਆਉਂਦੀ ਸੀ। ਇੰਸਪੈਕਟਰ ਜਨਰਲ ਆਫ਼ ਪੁਲਸ ਰਾਜੇਸ਼ ਕੁਮਾਰ ਪਾਂਡੇ ਨੇ ਸੋਮਵਾਰ ਦੇਰ ਰਾਤ ਨੂੰ ਵਿਦਿਆਰਥਣ ਨੂੰ ਵੇਖਣ ਦੇ ਨਾਲ ਹੀ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ।