UP ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਪਿਤਾ ਦਾ ਦਿਹਾਂਤ, ਏਮਜ਼ 'ਚ ਲਿਆ ਆਖਰੀ ਸਾਹ

04/20/2020 12:06:31 PM

ਨਵੀਂ ਦਿੱਲੀ/ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਪਿਤਾ ਆਨੰਦ ਸਿੰਘ ਬਿਸ਼ਟ ਦਾ ਅੱਜ ਯਾਨੀ ਸੋਮਵਾਰ ਨੂੰ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਬੀਮਾਰ ਚੱਲ ਰਹੇ ਸਨ। ਉਨਾਂ ਨੂੰ ਪਿਛਲੇ ਮਹੀਨੇ ਦਿੱਲੀ ਦੇ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) 'ਚ ਭਰਤੀ ਕਰਵਾਇਆ ਗਿਆ ਸੀ। ਯੂ.ਪੀ. ਸਰਕਾਰ ਨੇ ਆਨੰਦ ਸਿੰਘ ਬਿਸ਼ਟ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ।

ਯੂ.ਪੀ. ਦੇ ਅਡੀਸ਼ਨਲ ਚੀਫ ਸੈਕ੍ਰੇਟਰੀ (ਹੋਮ) ਅਵਨੀਸ਼ ਅਵਸਥੀ ਨੇ ਦੱਸਿਆ,''ਮੁੱਖ ਮੰਤਰੀ ਯੋਗੀ ਦੇ ਪਿਤਾ ਦਾ ਸੋਮਵਾਰ ਸਵੇਰੇ 10.44 ਵਜੇ ਦਿਹਾਂਤ ਹੋ ਗਿਆ। ਉਨਾਂ ਦੇ ਦਿਹਾਂਤ 'ਤੇ ਡੂੰਘਾ ਸੋਗ ਪ੍ਰਗਟ ਕਰਦੇ ਹਾਂ।''

ਉਤਰਾਖੰਡ 'ਚ ਪੌੜੀ ਜ਼ਿਲੇ ਦੇ ਯਮਕੇਸ਼ਵਰ ਦੇ ਪਿੰਡ ਵਾਸੀ ਆਨੰਦ ਸਿੰਘ ਬਿਸ਼ਟ (89) ਦੀ ਬੀਤੇ ਮਹੀਨੇ ਜ਼ਿਆਦਾ ਸਿਹਤ ਖਰਾਬ ਹੋਣ ਤੋਂ ਬਾਅਦ ਉਨਾਂ ਨੂੰ ਦਿੱਲੀ ਦੇ ਏਮਜ਼ ਲਿਆਂਦਾ ਗਿਆ ਸੀ। ਇੱਥੇ ਉਨਾਂ ਨੂੰ ਏਮਜ਼ ਦੇ ਏ.ਬੀ. ਵਾਰਡ 'ਚ ਰੱਖਿਆ ਗਿਆ ਸੀ। ਗੈਸਟਰੋ ਵਿਭਾਗ ਦੇ ਡਾਕਟਰ ਵਿਨੀਤ ਆਹੂਜਾ ਦੀ ਟੀਮ ਉਨਾਂ ਦਾ ਇਲਾਜ ਕਰ ਰਹੀ ਸੀ। ਐਤਵਾਰ ਨੂੰ ਉਨਾਂ ਦੀ ਅਚਾਨਕ ਸਿਹਤ ਫਿਰ ਤੋਂ ਖਰਾਬ ਹੋ ਗਈ ਸੀ।

ਆਨੰਦ ਸਿੰਘ ਬਿਸ਼ਟ ਨੂੰ ਲੰਬੇ ਸਮੇਂ ਤੋਂ ਲੀਵਰ ਅਤੇ ਕਿਡਨੀ ਦੀ ਸਮੱਸਿਆ ਸੀ। ਡਾਕਟਰਾਂ ਨੇ ਉਨਾਂ ਦੀ ਡਾਇਲਿਸਿਸ ਵੀ ਕੀਤੀ ਸੀ। ਪੌੜੀ 'ਚ ਸਿਹਤ ਖਰਾਬ ਹੋਣ ਤੋਂ ਬਾਅਦ ਉਨਾਂ ਨੂੰ ਪਹਿਲੇ ਜਾਲੀਗਰਾਂਟ ਦੇ ਹਿਮਾਲਯਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਾਲਤ 'ਚ ਸੁਧਾਰ ਨਾ ਹੋਣ ਤੋਂ ਬਾਅਦ ਉਨਾਂ ਨੂੰ ਏਅਰ ਐਂਬੂਲੈਂਸ ਰਾਹੀਂ ਦਿੱਲੀ ਲਿਆਂਦਾ ਗਿਆ। ਯੂ.ਪੀ. ਦੇ ਮੁੱਖ ਮੰਤਰੀ ਦੇ ਪਿਤਾ ਉਤਰਾਖੰਡ 'ਚ ਫਾਰੈਸਟ ਰੇਂਜਰ ਸਨ। ਉਹ 1991 'ਚ ਰਿਟਾਇਰ ਹੋ ਗਏ ਸਨ। ਰਿਟਾਇਰਮੈਂਟ ਦੇ ਬਾਅਦ ਤੋਂ ਉਹ ਆਪਣੇ ਪਿੰਡ 'ਚ ਆ ਕੇ ਰਹਿਣ ਲੱਗੇ ਸਨ।


DIsha

Content Editor

Related News