ਉੱਤਰ ਪ੍ਰਦੇਸ਼ : ਬੱਸ ''ਹਾਈਜੈੱਕ'' ਮਾਮਲੇ ਦਾ ਮੁੱਖ ਦੋਸ਼ੀ ਗ੍ਰਿਫਤਾਰ

08/20/2020 12:18:35 PM

ਆਗਰਾ- ਉੱਤਰ ਪ੍ਰਦੇਸ਼ ਦੀ ਆਗਰਾ ਪੁਲਸ ਨੇ ਕਥਿਤ ਤੌਰ 'ਤੇ ਬੱਸ ਹਾਈਜੈੱਕ ਦੀ ਘਟਨਾ ਦਾ 24 ਘੰਟਿਆਂ ਬਾਅਦ ਨਾਟਕੀ ਅੰਦਾਜ 'ਚ ਖੁਲਾਸਾ ਕਰਦੇ ਹੋਏ ਵੀਰਵਾਰ ਤੜਕੇ ਪੁਲਸ ਮੁਕਾਬਲੇ 'ਚ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਬੱਸ ਨੂੰ ਹਾਈਜੈੱਕ ਕਰਨ ਵਾਲੇ ਮੁੱਖ ਦੋਸ਼ੀ ਪ੍ਰਦੀਪ ਗੁਪਤਾ ਨੂੰ ਤੜਕੇ 5 ਵਜੇ ਮੁਕਾਬਲੇ ਦੌਰਾਨ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਕਾਬਲੇ ਦੌਰਾਨ ਦੋਸ਼ੀ ਦੇ ਸੱਜੇ ਪੈਰ 'ਚ ਗੋਲੀ ਵੀ ਲੱਗੀ ਹੈ, ਜਦੋਂ ਕਿ ਉਸ ਦਾ ਇਕ ਸਾਥੀ ਬਾਹ ਦੇ ਚਿੱਤਰਾਹਾਟ ਥਾਣਾ ਖੇਤਰ ਦੇ ਕਚੌਰਾ ਵਾਸੀ ਯਤੇਂਦਰ ਯਾਦਵ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਚੈਕਿੰਗ ਦੌਰਾਨ ਫਤਿਹਾਬਾਦ ਦੇ ਭਲੋਖਰਾ ਚੌਰਾਹਾ 'ਤੇ ਪ੍ਰਦੀਪ ਗੁਪਤਾ ਆਪਣੇ ਸਾਥੀ ਯਤੇਂਦਰ ਯਾਦਵ ਨਾਲ ਜਾ ਰਿਹਾ ਸੀ। ਕ੍ਰਾਈਮ ਬਰਾਂਚ, ਐੱਸ.ਓ.ਜੀ. ਅਤੇ ਕਈ ਥਾਣਿਆਂ ਦੀ ਪੁਲਸ ਫੋਰਸ ਨੇ ਉਸ ਦੀ ਘੇਰਾਬੰਦੀ ਕਰ ਲਈ। ਦੋਸ਼ੀ ਵਲੋਂ ਪੁਲਸ 'ਤੇ ਫਾਇਰਿੰਗ ਕੀਤੀ ਗਈ। ਬਚਾਅ 'ਚ ਪੁਲਸ ਨੇ ਵੀ ਫਾਇਰਿੰਗ ਕੀਤੀ। ਮੁਕਾਬਲੇ 'ਚ ਪ੍ਰਦੀਪ ਦੇ ਸੱਜੇ ਪੈਰ 'ਚ ਗੋਲੀ ਲੱਗ ਗਈ। ਇਸ ਤੋਂ ਬਾਅਦ ਉਹ ਬਾਈਕ ਤੋਂ ਡਿੱਗ ਗਿਆ। ਉਸ ਦਾ ਸਾਥੀ ਮੌਕੇ 'ਤੇ ਦੌੜਨ 'ਚ ਸਫ਼ਲ ਹੋ ਗਿਆ। ਮੌਕੇ 'ਤੇ ਚੋਰੀ ਦੀ ਬਾਈਕ ਅਤੇ ਤਮੰਚਾ ਕਾਰਤੂਸ ਬਰਾਮਦ ਹੋਏ ਹਨ। ਫਿਲਹਾਲ ਜ਼ਖਮੀ ਬਦਮਾਸ਼ ਨੂੰ ਐੱਸ.ਐੱਨ. ਮੈਡੀਕਲ ਕਾਲਜ ਐਮਰਜੈਂਸੀ 'ਚ ਦਾਖ਼ਲ ਕਰਵਾ ਦਿੱਤਾ ਗਿਆ ਹੈ। 

ਦੱਸਣਯੋਗ ਹੈ ਕਿ ਮਾਲਪੁਰਾ ਥਾਣਾ ਖੇਤਰ 'ਚ ਨਿਊ ਦੱਖਣੀ ਬਾਈਪਾਸ ਤੋਂ ਮੰਗਲਵਾਰ ਰਾਤ ਨੂੰ ਇਕ ਬੱਸ ਹਾਈਜੈੱਕ ਕਰਨ ਦਾ ਮਾਮਲਾ ਸਾਹਮਣੇ ਆਇਆ। ਬੁੱਧਵਾਰ ਨੂੰ ਸਵੇਰੇ 6 ਵਜੇ ਚਾਲਕ ਅਤੇ ਕੰਡਕਟਰਾਂ ਨੇ ਮਲਪੁਰਾ ਥਾਣੇ 'ਚ ਘਟਨਾ ਦੀ ਸੂਚਨਾ ਦਿੱਤੀ ਸੀ। ਇਸ ਮਾਮਲੇ 'ਚ ਕੰਡਕਟਰ ਰਾਮਵਿਸ਼ਾਲ ਦੀ ਸ਼ਿਕਾਇਤ 'ਤੇ ਪੁਲਸ ਨੇ ਅਣਪਛਾਤੇ ਬਦਮਾਸ਼ਾਂ ਵਿਰੁੱਧ ਡਕੈਤੀ ਅਤੇ ਅਗਵਾ ਦੀ ਧਾਰਾ 'ਚ ਮੁਕੱਦਮਾ ਦਰਜ ਕੀਤਾ ਸੀ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਸ ਨੇ ਮਾਮਲਾ ਫਾਈਨੈਂਸ ਰਿਕਵਰੀ ਨਾਲ ਜੁੜਿਆ ਦੱਸਿਆ। ਬਾਅਦ 'ਚ ਆਗਰਾ ਜ਼ਿਲੇ ਦੀ ਬਾਹ ਤਹਿਸੀਲ ਦੇ ਜੈਤਪੁਰ ਵਾਸੀ ਪ੍ਰਦੀਪ ਗੁਪਤਾ ਦਾ ਨਾਂ ਸਾਹਮਣੇ ਆਇਆ।


DIsha

Content Editor

Related News