ਉੱਤਰ ਪ੍ਰਦੇਸ਼ ''ਚ ਬਰਖਾਸਤ ਹੋਣਗੇ ''ਲਾਪਤਾ'' 700 ਸਰਕਾਰੀ ਡਾਕਟਰ, ਜਾਣੋ ਵਜ੍ਹਾ
Sunday, Mar 15, 2020 - 05:48 PM (IST)
ਹਰਦੋਈ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਜਯ ਪ੍ਰਤਾਪ ਸਿੰਘ ਨੇ ਐਤਵਾਰ ਭਾਵ ਅੱਜ ਕਿਹਾ ਕਿ ਸੂਬੇ 'ਚ 'ਲਾਪਤਾ' ਹੋਏ 700 ਸਰਕਾਰੀ ਡਾਕਟਰ ਛੇਤੀ ਹੀ ਬਰਖਾਸਤ ਕੀਤੇ ਜਾਣਗੇ। ਹਰਦੋਈ ਦੇ ਸਿਹਤ ਕੇਂਦਰ ਕਛੌਨਾ ਦੇ ਨਿਊ ਪੀ. ਐੱਚ. ਸੀ. ਗੌਰੀ ਖਾਲਸਾ 'ਚ ਮੁੱਖ ਮੰਤਰੀ ਜਨ ਅਰੋਗ ਮੇਲੇ ਦੇ ਨਿਰੀਖਣ ਵਿਚ ਪਹੁੰਚੇ ਸਿਹਤ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਵਿਚ ਅਜਿਹੇ 700 ਡਾਕਟਰ ਨਿਸ਼ਾਨਬੱਧ ਕੀਤੇ ਗਏ ਹਨ, ਜੋ ਸਰਕਾਰੀ ਹਸਪਤਾਲਾਂ ਵਿਚ ਨਿਯੁਕਤੀ ਲੈਣ ਤੋਂ ਬਾਅਦ ਕਿਤੇ ਦੂਜੀ ਥਾਂ ਚਲੇ ਗਏ ਹਨ ਜਾਂ ਫਿਰ ਉਨ੍ਹਾਂ ਨੇ ਬਿਨਾਂ ਦੱਸੇ ਉੱਚ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਡਾਕਟਰਾਂ ਦੀ ਬਰਖਾਸਤਗੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਇਕ ਡੇਢ ਮਹੀਨੇ ਵਿਚ ਇਨ੍ਹਾਂ ਸਾਰਿਆਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ।
ਸਿਹਤ ਮੰਤਰੀ ਨੇ ਜਾਨਲੇਵਾ ਬਣੇ ਕੋਰੋਨਾ ਵਾਇਰਸ ਬਾਰੇ ਕਿਹਾ ਕਿ ਇਸ ਵਿਸ਼ਾਣੂ ਤੋਂ ਡਰਨ ਦੀ ਲੋੜ ਨਹੀਂ ਹੈ ਅਤੇ ਸਿਰਫ ਸਾਵਧਾਨੀ ਵਰਤ ਕੇ ਇਸ ਨਾਲ ਨਜਿੱਠਿਆ ਜਾ ਸਕਦਾ ਹੈ। ਦੇਸ਼ ਵਿਚ ਇਸ ਦੇ 108 ਅਤੇ ਉੱਤਰ ਪ੍ਰਦੇਸ਼ 'ਚ ਕੁੱਲ 13 ਮਾਮਲੇ ਹਨ। ਭਾਰਤ ਇਸ ਵਾਇਰਸ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ-ਨੇਪਾਲ ਸਰਹੱਦ 'ਤੇ ਅਤੇ ਹਵਾਈ ਅੱਡਿਆਂ 'ਤੇ ਥਰਮਲ ਸਕੈਨਰ ਲਾਏ ਗਏ ਹਨ। ਬਾਹਰ ਤੋਂ ਆਉਣ ਵਾਲਿਆਂ ਦਾ ਵੀਜ਼ਾ ਵੀ ਫਿਲਹਾਲ ਰੋਕ ਦਿੱਤਾ ਗਿਆ ਹੈ।