ਰਾਸ਼ਟਰਪਤੀ ਕੋਈ ਵੀ ਬਣੇ, ਭਾਰਤ ਨਾਲ ਸਬੰਧਾਂ ’ਚ ਨਹੀਂ ਪਵੇਗਾ ਅਸਰ

11/06/2020 10:04:36 AM

ਵਾਸ਼ਿੰਗਟਨ, (ਵਿਸ਼ੇਸ਼)- ਅਮਰੀਕਾ ’ਚ ਰਾਸ਼ਟਰਪਤੀ ਭਾਵੇਂ ਕੋਈ ਵੀ ਬਣੇ ਭਾਰਤ ਨਾਲ ਸਬੰਧਾਂ ’ਤੇ ਉਸਦਾ ਅਸਰ ਨਹੀਂ ਪਵੇਗਾ। ਭਾਵੇਂ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਸੱਤਾ ’ਚ ਰਹਿਣ ਜਾਂ ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਈਡੇਨ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ, ਭਾਰਤ ਨਾਲ ਰਿਸ਼ਤਿਆਂ ’ਚ ਹੋਰ ਡੂੰਘਾਈ ਆਉਣੀ ਹੀ ਹੈ। ਪਿਛਲੇ ਮਹੀਨੇ ਦੋਨਾਂ ਦੇਸ਼ਾਂ ਵਿਚਾਲੇ ਹੋਈ ਟੂ ਪਲੱਸ ਟੂ ਗੱਲਬਾਤ ਨੇ ਇਕ ਤਰ੍ਹਾਂ ਨਾਲ ਅਗਲੇ ਕੁਝ ਸਾਲਾਂ ਦਾ ਰਣਨੀਤਕ ਰਿਸ਼ਤਿਆਂ ਦਾ ਏਜੰਡਾ ਬਣਾ ਦਿੱਤਾ ਹੈ।
ਕੂਟਨੀਤਕ ਖੇਤਰ ਦੇ ਜਾਣਕਾਰਾਂ ਨਾਲ ਹੀ ਵਿਦੇਸ਼ ਮੰਤਰਾਲਾ ਦੇ ਅਧਿਕਾਰੀ ਇਸ ਗੱਲ ਨੂੰ ਲੈਕੇ ਪੱਕੇ ਹਨ ਕਿ ਅਮਰੀਕੀ ਚੋਣਾਂ ਦੇ ਨਤੀਜਿਆਂ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਦੀ ਰਫਤਾਰ ਅਤੇ ਦਿਸ਼ਾ ’ਤੇ ਕੋਈ ਫਰਕ ਨਹੀਂ ਪੈਣ ਵਾਲਾ। ਰਾਸ਼ਟਰਪਤੀ ਚੋਣਾਂ ਤੋਂ ਇਕ ਹਫਤੇ ਪਹਿਲਾਂ ਹੀ ਦੋਹਾਂ ਦੇਸ਼ਾਂ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਦੀ ਅਗਵਾਈ ’ਚ ਟੂ ਪਲੱਸ ਟੂ ਗੱਲਬਾਤ ’ਚ ਰਣਨੀਤਕ ਸਹਿਯੋਗ ਦੇ ਭਵਿੱਖ ਦੇ ਏਜੰਡੇ ’ਤੇ ਚਰਚਾ ਕੀਤੀ ਗਈ ਹੈ, ਜਿਸ ’ਤੇ ਸੱਤਾ ਤਬਦੀਲੀ ਦਾ ਕੋਈ ਅਸਰ ਨਹੀਂ ਹੋਵੇਗਾ। ਪੂਰਬੀ ਲੱਦਾਖ ’ਚ ਚੀਨ ਦੀ ਤਾਜ਼ਾ ਘੁਸਪੈਠ ਤੋਂ ਬਾਅਦ ਹਿੰਦ ਪ੍ਰਸ਼ਾਂਤ ਖੇਤਰ ਨੂੰ ਲੈ ਕੇ ਭਾਰਤ ਦਾ ਨਜ਼ਰੀਆ ਪੂਰੀ ਤਰ੍ਹਾਂ ਨਾਲ ਬਦਲ ਚੁੱਕਾ ਹੈ।

ਸੰਸਾਰਕ ਕੂਟਨੀਤੀ ਦਾ ਸਭ ਤੋਂ ਵੱਡਾ ਸਰਗਰਮ ਹਿੱਸਾ

ਟਰੰਪ ਪ੍ਰਸ਼ਾਸਨ ਨੇ ਆਪਣੇ ਪਹਿਲੇ ਕਾਰਜਕਾਲ ’ਚ ਹਿੰਦ ਪ੍ਰਸ਼ਾਂਤ ਖੇਤਰ ਨੂੰ ਆਪਣੀ ਸੰਸਾਰਕ ਕੂਟਨੀਤੀ ਦਾ ਸਭ ਤੋਂ ਵੱਡਾ ਸਰਗਰਮ ਹਿੱਸਾ ਬਣਾਇਆ ਹੈ। ਅੱਗੇ ਸੱਤਾ ’ਚ ਟਰੰਪ ਰਹਿਣ ਜਾਂ ਬਾਈਡੇਨ ਇਸ ਖੇਤਰ ’ਚ ਅਮਰੀਕੀ ਸਰਗਰਮੀ ਹੋਰ ਵਧੇਗੀ। ਟੂ ਪਲੱਸ ਟੂ ਗੱਲਬਾਤ ਤੋਂ ਬਾਅਦ ਸੂਤਰਾਂ ਨੇ ਦੱਸਿਆ ਕਿ ਭਾਰਤ ਤੇ ਅਮਰੀਕਾ ਦੇ ਰਣਨੀਤਕ ਸਬੰਧ ਜਿਨ੍ਹਾਂ ਮੁੱਦਿਆਂ ਰਾਹੀਂ ਅੱਗੇ ਵਧਣਗੇ ਉਨ੍ਹਾਂ ਹਿੰਦ-ਪ੍ਰਸ਼ਾਂਤ ਖੇਤਰ ਸਭ ਤੋਂ ਪ੍ਰਮੁੱਖ ਰਹੇਗਾ। ਜਾਪਾਨ ਤੇ ਆਸਟ੍ਰੇਲੀਆ ਨਾਲ ਮਿਲ ਕੇ ਬਣਾਇਆ ਗਿਆ ਅਮਰੀਕਾ ਅਤੇ ਭਾਰਤ ਦਾ ਗਠਜੋੜ ਹੋਰ ਵਿਆਪਕ ਹੋਵੇਗਾ। ਇਸ ਤਰ੍ਹਾਂ ਨਾਲ ਇਸ ਖੇਤਰ ’ਚ ਉਕਤ 4 ਦੇਸ਼ਾਂ ਵਲੋਂ ਕੀਤੇ ਜਾਣ ਵਾਲੇ ਮਾਲਾਬਾਰ ਫੌਜੀ ਅਭਿਆਸ ਦਾ ਵੀ ਵਿਸਥਾਰ ਅਗਲੇ 4-5 ਸਾਲਾਂ ’ਚ ਹੋਵੇਗਾ।

ਟਰੰਪ ਦੇ ਕਾਰਜਕਾਲ ’ਚ ਦੋਹਾਂ ਦੇਸ਼ਾਂ ਵਿਚਾਲੇ ਸੁਧਰੇ ਫ਼ੌਜੀ ਰਿਸ਼ਤੇ

ਟਰੰਪ ਦੇ ਕਾਰਜਕਾਲ ’ਚ ਦੋਹਾਂ ਦੇਸ਼ਾਂ ਵਿਚਾਲੇ ਫੌਜੀ ਰਿਸ਼ਤਿਆਂ ’ਚ ਜੋ ਸੁਧਾਰ ਹੋਇਆ ਹੈ, ਉਸਦੀ ਵੀ ਚਾਲ ਬਿਨਾਂ ਰੁਕਾਵਟ ਜਾਰੀ ਰਹਿਣ ਦੀ ਸੰਭਾਵਨਾ ਹੈ। ਟੂ ਪਲੱਸ ਟੂ ਗੱਲਬਾਤ ਦੌਰਾਨ ਦੋਨਾਂ ਦੇਸ਼ਾਂ ਵਿਚਾਲੇ ਬੇਸ਼ੱਕ ਐਕਸਚੈਂਜ ਐਂਡ ਕੋ-ਆਪ੍ਰੇਸ਼ਨ ਫਾਰ ਜੀਓ ਸਪੈਟੀਅਲ ਕੋ-ਆਪ੍ਰੇਸ਼ਨ (ਬੀਕਾ) ਸਮਝੌਤੇ ’ਤੇ ਦਸਤਖ਼ਤ ਹੋਏ ਹਨ। ਦੋਹਾਂ ਦੇਸ਼ਾਂ ਵਿਚਾਲੇ ਹੋਣ ਵਾਲੇ 4 ਅਹਿਮ ਰੱਖਿਆ ਸਮਝੌਤੇ ਦੀ ਆਖਰੀ ਕੜੀ ਹੈ। ਇਨ੍ਹਾਂ ਸਮਝੌਤਿਆਂ ਤੋਂ ਬਾਅਦ ਅਮਰੀਕਾ, ਭਾਰਤ ਨੂੰ ਆਪਣਾ ਸਭ ਤੋਂ ਨੇੜਲਾ ਫ਼ੌਜੀ ਸਾਂਝੇਦਾਰ ਬਣਾ ਚੁੱਕਾ ਹੈ। ਟਰੰਪ ਦੇ ਕਾਰਜਕਾਲ ’ਚ ਅਮਰੀਕਾ ਤੋਂ ਫ਼ੌਜੀ ਸਾਜੋ-ਸਾਮਾਨ ਦੀ ਖਰੀਦ ਭਾਰਤ 5 ਗੁਣਾ ਵਧਾ ਚੁੱਕਾ ਹੈ। ਦੋਹਾਂ ਦੇਸ਼ਾਂ ਵਿਚਾਲੇ ਜੰਗੀ ਜਹਾਜ਼ ਖਰੀਦ ਤੋਂ ਲੈ ਕੇ ਪ੍ਰਮਾਣੂ ਸੰਚਾਲਤ ਹਵਾਈ ਜਹਾਜ਼ ਕਰੀਅਰ ਖਰੀਦਣ ਤੱਕ ਦੇ ਕਈ ਸਮਝੌਤਿਆਂ ’ਤੇ ਗੱਲ ਚੱਲ ਰਹੀ ਹੈ। ਇਨ੍ਹਾਂ ’ਤੇ ਵੀ ਸੱਤਾ ਤਬਦੀਲੀ ਦਾ ਕੋਈ ਅਸਰ ਨਹੀਂ ਪਵੇਗਾ।


Lalita Mam

Content Editor

Related News