ਭਾਰਤ ਨੇ ਕੀਤੀ ਯੂਕ੍ਰੇਨ 'ਚ ਹੋਏ ਕਤਲੇਆਮ ਦੀ ਨਿੰਦਾ, ਅਮਰੀਕਾ ਨੇ ਦਿੱਤੀ ਇਹ ਪ੍ਰਤੀਕਿਰਿਆ
Thursday, Apr 07, 2022 - 12:25 PM (IST)
ਵਾਸ਼ਿੰਗਟਨ (ਭਾਸ਼ਾ)- ਇਕ ਪ੍ਰਭਾਵਸ਼ਾਲੀ ਰਿਪਬਲਿਕਨ ਸੈਨੇਟਰ ਨੇ ਬੁੱਧਵਾਰ ਨੂੰ ਯੂਕ੍ਰੇਨ ਦੇ ਬੁਚਾ ਵਿਚ ਰੂਸੀ ਫ਼ੌਜ ਵਲੋਂ ਲੋਕਾਂ ਦੇ ਕਤਲ ਦੀ ਭਾਰਤ ਵੱਲੋਂ ਨਿੰਦਾ ਕੀਤੇ ਜਾਣ ਦਾ ਸਵਾਗਤ ਕੀਤਾ ਅਤੇ ਇਸ ਨੂੰ ਦੇਸ਼ ਦਾ ਸਖ਼ਤ ਹੁੰਦਾ ਰੁਖ ਕਰਾਰ ਦਿੱਤਾ। ਸੈਨੇਟ ਵਿਚ ਇੰਡੀਆ ਕਾਕਸ ਦੇ ਸਹਿ-ਚੇਅਰਮੈਨ ਸੈਨੇਟਰ ਜੌਹਨ ਕਾਰਨੀਨ ਨੇ ਇਸ ਮੁੱਦੇ 'ਤੇ ਭਾਰਤ ਦੀਆਂ ਟਿੱਪਣੀਆਂ ਦਾ ਸਵਾਗਤ ਕੀਤਾ। ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਵੱਲੋਂ ਵੋਟਿੰਗ ਤੋਂ ਦੂਰ ਰਹਿਣ ਦੀ ਆਲੋਚਨਾ ਕਰਦਾ ਰਿਹਾ ਹੈ। ਕਾਰਨੀਨ ਨੇ ਅਮਰੀਕਾ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੁਮੂਰਤੀ ਦੀਆਂ ਟਿੱਪਣੀਆਂ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ, "ਸਾਡੇ ਦੋਸਤਾਂ ਦੀ ਪ੍ਰਤੀਕਿਰਿਆ ਦਾ ਸੁਆਗਤ ਕਰਦਾ ਹਾਂ: ਭਾਰਤ ਦਾ ਯੂਕ੍ਰੇਨ ਦੇ ਬੁਚਾ ਵਿੱਚ ਹੋਏ ਕਤਲੇਆਮ ਦੀ ਨਿੰਦਾ ਕਰਨਾ ਉਸ ਦੇ ਸਖ਼ਤ ਰੁਖ ਨੂੰ ਦਰਸਾਉਂਦਾ ਹੈ।"
ਇਹ ਵੀ ਪੜ੍ਹੋ: ਕੈਨੇਡਾ ਮਗਰੋਂ ਅਮਰੀਕਾ ਬਣਿਆ ਭਾਰਤੀਆਂ ਦੀ ਪਸੰਦ, ਲਗਾਤਾਰ ਵੱਧ ਰਹੀ ਹੈ ਵਿਦਿਆਰਥੀਆਂ ਦੀ ਗਿਣਤੀ
ਜ਼ਿਕਰਯੋਗ ਹੈ ਕਿ ਤਿਰੁਮੂਰਤੀ ਨੇ ਯੂਕ੍ਰੇਨ ਦੇ ਸ਼ਹਿਰ ਬੁਚਾ ਵਿੱਚ ਰੂਸ ਵੱਲੋਂ ਕੀਤੇ ਗਏ ਕਤਲਾਂ ਦੀ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਰਾਜਦੂਤ ਟੀ.ਐੱਸ. ਤਿਰੁਮੂਰਤੀ ਨੇ ਯੂਕ੍ਰੇਨ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਕਿਹਾ ਕਿ ਬੁਚਾ 'ਚ ਨਾਗਰਿਕਾਂ ਦੇ ਮਾਰੇ ਜਾਣ ਸਬੰਧੀ ਤਾਜ਼ਾ ਰਿਪੋਰਟਾਂ ਬਹੁਤ ਪਰੇਸ਼ਾਨ ਕਰਨ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਬੁਚਾ ਕਤਲੇਆਮ ਦੀ ਨਿੰਦਾ ਕਰਦਾ ਹੈ ਅਤੇ ਇਕ ਸੁਤੰਤਰ ਜਾਂਚ ਦੀ ਮੰਗ ਦਾ ਸਮਰਥਨ ਕਰਦਾ ਹੈ।
ਇਹ ਵੀ ਪੜ੍ਹੋ: ਰੂਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਤੋਂ ਬਾਹਰ ਕਰਨ 'ਤੇ ਅੱਜ ਹੋਵੇਗੀ ਵੋਟਿੰਗ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਲੋਕਸਭਾ 'ਚ ਬੁਚਾ 'ਚ ਹੋਏ ਕਤਲੇਆਮ ਦੀ ਨਿੰਦਾ ਕੀਤੀ। ਯੂਕ੍ਰੇਨ ਦੇ ਬੁਚਾ ਵਿਚ ਵੱਡੀ ਗਿਣਤੀ ਵਿਚ ਲਾਸ਼ਾਂ ਮਿਲਣ ਦੀ ਘਟਨਾ ਬਾਰੇ ਜੈਸ਼ੰਕਰ ਨੇ ਕਿਹਾ, 'ਅਸੀਂ ਇਸ ਰਿਪੋਰਟ ਤੋਂ ਬਹੁਤ ਦੁਖੀ ਹਾਂ। ਅਸੀਂ ਇਨ੍ਹਾਂ ਕਤਲਾਂ ਦੀ ਨਿੰਦਾ ਕਰਦੇ ਹਾਂ। ਅਸੀਂ ਇਸ ਘਟਨਾ ਦੀ ਸੁਤੰਤਰ ਜਾਂਚ ਦੀ ਮੰਗ ਦਾ ਸਮਰਥਨ ਕਰਦੇ ਹਾਂ।" ਇਸ ਦੌਰਾਨ, ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅਮਰੀਕੀ ਸੰਸਦ ਮੈਂਬਰਾਂ ਨਾਲ ਆਪਣੀ ਭਾਗੀਦਾਰੀ ਨੂੰ ਤੇਜ਼ ਕਰ ਦਿੱਤਾ ਹੈ। ਪਿਛਲੇ ਕੁਝ ਦਿਨਾਂ ਦੌਰਾਨ, ਉਹ ਕਈ ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਯੂਕ੍ਰੇਨ 'ਤੇ ਭਾਰਤ ਦੇ ਸਟੈਂਡ ਬਾਰੇ ਜਾਣੂ ਕਰਵਾਇਆ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।