ਅਮਰੀਕਾ ਛੂਤ ਦੀਆਂ ਬੀਮਾਰੀਆਂ ਨਾਲ ਨਜਿੱਠਣ ਲਈ ਭਾਰਤ ਨੂੰ ਦੇਵੇਗਾ 12.2 ਕਰੋੜ ਡਾਲਰ

Thursday, Jun 16, 2022 - 09:47 AM (IST)

ਅਮਰੀਕਾ ਛੂਤ ਦੀਆਂ ਬੀਮਾਰੀਆਂ ਨਾਲ ਨਜਿੱਠਣ ਲਈ ਭਾਰਤ ਨੂੰ ਦੇਵੇਗਾ 12.2 ਕਰੋੜ ਡਾਲਰ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਨੇ ਭਾਰਤ ਦੀਆਂ ਤਿੰਨ ਪ੍ਰਮੁੱਖ ਮੈਡੀਕਲ ਖੋਜ ਸੰਸਥਾਵਾਂ ਨੂੰ ਮਹਾਮਾਰੀਆਂ ਨੂੰ ਰੋਕਣ, ਬੀਮਾਰੀ ਦੇ ਖ਼ਤਰਿਆਂ ਦਾ ਜਲਦੀ ਪਤਾ ਲਗਾਉਣ ਅਤੇ ਤੇਜੀ ਨਾਲ ਪ੍ਰਭਾਵੀ ਕਦਮ ਚੁੱਕਣ ਲਈ ਕਰੀਬ 12.2 ਕਰੋੜ ਡਾਲਰ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ 12,24,75,000 ਡਾਲਰ ਦੀ ਕੁੱਲ ਧਨਰਾਸ਼ੀ, 3 ਪ੍ਰਮੁੱਖ ਭਾਰਤੀ ਸਿਹਤ ਖੋਜ ਸੰਸਥਾਵਾਂ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.), ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐੱਨ.ਆਈ.ਵੀ.) ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਇਮਯੂਨੋਲੋਜੀ (ਐੱਨ.ਆਈ.ਵੀ.) ਨੂੰ 5 ਸਾਲ ਦੀ ਮਿਆਦ ਵਿਚ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ: ਪਾਕਿਸਤਾਨੀ ਸਾਲ 'ਚ ਪੀ ਗਏ 40 ਕਰੋੜ ਡਾਲਰ ਦੀ ਚਾਹ, ਹੁਣ ਮੰਤਰੀ ਨੇ ਦਿੱਤੀ ਇਹ ਸਲਾਹ

ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਫੰਡ ਇਕ ਅਜਿਹਾ ਭਾਰਤ ਬਣਾਉਣ ਵਿਚ ਮਦਦ ਕਰੇਗਾ, ਜੋ ਛੂਤ ਦੀਆਂ ਬੀਮਾਰੀਆਂ ਦੇ ਖ਼ਤਰਿਆਂ ਦੇ ਲਿਹਾਜ ਨਾਲ ਸੁਰੱਖਿਅਤ ਹੋਵੇਗਾ। ਸੀਡੀਸੀ ਮੁਤਾਬਕ ਇਸ ਮਦਦ ਨਾਲ ICMR ਸੰਸਥਾਵਾਂ ਨੂੰ ਉਭਰਦੇ ਅਤੇ ਫਿਰ ਤੋਂ ਉਭਰਦੇ ਰੋਗਾਣੂਆਂ 'ਤੇ ਧਿਆਨ ਕੇਂਦਰਿਤ ਕਰਨ ਵਿਚ ਮਦਦ ਮਿਲੇਗੀ। ਪ੍ਰੈੱਸ ਬਿਆਨ ਵਿਚ ਕਿਹਾ ਗਿਆ ਕਿ ਇਸ ਦੇ ਮੁੱਖ ਉਦੇਸ਼ਾਂ ਵਿਚ ਸਿਹਤ ਆਧਾਰਿਤ ਦ੍ਰਿਸ਼ਟੀਕੋਣ ਜ਼ਰੀਏ 'ਜ਼ੂਨੋਟਿਕ' ਬਿਮਾਰੀ ਦੇ ਪ੍ਰਕੋਪ ਦਾ ਪਤਾ ਲਗਾਉਣਾ ਅਤੇ ਉਸ ਨੂੰ ਕੰਟਰੋਲ ਕਰਨਾ, ਵੈਕਸੀਨ ਸੁਰੱਖਿਆ ਨਿਗਰਾਨੀ ਪ੍ਰਣਾਲੀਆਂ ਦਾ ਮੁਲਾਂਕਣ ਕਰਨਾ, ਮਾਹਾਮਾਰੀ ਵਿਚ ਜਨਤਕ ਸਿਹਤ ਕਰਮਚਾਰੀਆਂ ਦੀ ਸਮਰੱਥਾ ਨੂੰ ਵਧਾਉਣਾ ਅਤੇ ਉਸ ਨਾਲ ਨਜਿੱਠਣਾ ਆਦਿ ਸ਼ਾਮਲ ਹੈ।

ਇਹ ਵੀ ਪੜ੍ਹੋ: ਰਿਪੋਰਟ 'ਚ ਖ਼ੁਲਾਸਾ, ਅਮਰੀਕਾ 'ਚ ਹਰ 5 'ਚੋਂ 1 ਔਰਤ ਨੇ ਕਰਾਇਆ ਗਰਭਪਾਤ

'ਜ਼ੂਨੋਟਿਕ' ਬੀਮਾਰੀਆਂ ਉਹ ਬੀਮਾਰੀਆਂ ਹੁੰਦੀਆਂ ਹਨ, ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਾਰਿਤ ਹੁੰਦੀਆਂ ਹਨ। ਸੀਡੀਸੀ ਨੇ ਕਿਹਾ ਕਿ ਆਈ.ਸੀ.ਐੱਮ.ਆਰ. ਇਸ ਕੰਮ ਨੂੰ ਕਰਨ ਲਈ ਇੱਕ ਸ਼ਾਨਦਾਰ ਸਥਿਤੀ ਵਿੱਚ ਹੈ, ਕਿਉਂਕਿ ਇਸ ਨੂੰ ਮੂਲ ਰੂਪ ਨਾਲ ਭਾਰਤ ਵਿੱਚ ਬਾਇਓਮੈਡੀਕਲ ਖੋਜ ਦੇ ਨਿਰਮਾਣ, ਤਾਲਮੇਲ ਅਤੇ ਪ੍ਰਚਾਰ ਲਈ ਇੱਕ ਸਿਖਰ ਸੰਸਥਾ ਵਜੋਂ ਸਥਾਪਿਤ ਕੀਤਾ ਗਿਆ ਸੀ ਅਤੇ ਹਾਲ ਹੀ ਦੇ ਸਾਲਾਂ ਵਿੱਚ ਇਸ ਨੇ ਛੂਤ ਦੀਆਂ ਬਿਮਾਰੀਆਂ ਦੀ ਪ੍ਰਯੋਗਸ਼ਾਲਾ-ਅਧਾਰਤ ਨਿਗਰਾਨੀ ਵੀ ਕੀਤੀ ਹੈ। ਇਸ ਫੰਡ ਨੂੰ 30 ਸਤੰਬਰ 2022 ਤੋਂ ਜਾਰੀ ਕੀਤਾ ਜਾਵੇਗਾ, ਜਿਸ ਲਈ ਸਿਰਫ਼ ICMR ਅਤੇ ਇਸ ਦੀਆਂ ਸੰਸਥਾਵਾਂ ਹੀ ਯੋਗ ਹਨ, ਜਿਸ ਵਿੱਚ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (NIV) ਅਤੇ ਚੇਨਈ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਇਮਯੂਨੋਲੋਜੀ (NII) ਸ਼ਾਮਲ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਭਾਰਤ ਵਿੱਚ ਰਾਸ਼ਟਰੀ ਪੱਧਰ ਦੇ ਮੈਡੀਕਲ ਖੋਜ ਸੰਸਥਾਵਾਂ ਦੀ ਸਿਖ਼ਰ ਸੰਸਥਾ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਚੀਨ ਨੇ 2 ਸਾਲ ਪਹਿਲਾਂ ਭਾਰਤੀਆਂ ’ਤੇ ਲਾਈ ਕੋਵਿਡ ਵੀਜ਼ਾ ਪਾਬੰਦੀ ਹਟਾਈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News