ਜੈਨ ਮੰਦਰ ’ਚੋਂ ਲੱਗਭਗ 40 ਲੱਖ ਰੁਪਏ ਦਾ ਕਲਸ਼ ਚੋਰੀ
Sunday, Oct 12, 2025 - 02:21 AM (IST)

ਨਵੀਂ ਦਿੱਲੀ - ਜੈਨ ਸਮਾਜ ਦੇ ਇਕ ਧਾਰਮਿਕ ਸਮਾਗਮ ਦੌਰਾਨ ਲਾਲ ਕਿਲੇ ਦੇ ਸਾਹਮਣਿਓਂ ਲੱਗਭਗ ਇਕ ਕਰੋੜ ਰੁਪਏ ਦੇ ਕਲਸ਼ਾਂ ਦੀ ਚੋਰੀ ਦੇ ਮਾਮਲੇ ਨੂੰ ਅਜੇ ਲੋਕ ਭੁੱਲੇ ਨਹੀਂ ਸਨ ਕਿ ਜਯੋਤੀ ਨਗਰ ਦੇ ਇਕ ਜੈਨ ਮੰਦਰ ਦੇ ਉੱਪਰੋਂ ਲੱਗਭਗ 40 ਲੱਖ ਰੁਪਏ ਦਾ ਕਲਸ਼ ਚੋਰੀ ਹੋ ਗਿਆ। ਇਸ ਕਲਸ਼ ’ਤੇ ਸੋਨੇ ਦੀ ਪਰਤ ਚੜ੍ਹੀ ਹੋਈ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੰਦਰ ਕਮੇਟੀ ਦੇ ਪ੍ਰਧਾਨ ਨੀਰਜ ਜੈਨ ਨੇ ਕਿਹਾ ਕਿ ਜੈਨ ਮੰਦਰ ਲੱਗਭਗ 25 ਸਾਲ ਪੁਰਾਣਾ ਹੈ। ਸਥਾਨਕ ਲੋਕਾਂ ਨੇ ਮੰਦਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੱਗਭਗ 17 ਸਾਲ ਪਹਿਲਾਂ ਇਸ ਦੇ ਸਿਖਰ ’ਤੇ ਸੋਨੇ ਦੀ ਪਰਤ ਚੜ੍ਹਿਆ ਕਲਸ਼ ਲਗਾਇਆ ਸੀ। ਇਸ ਕਲਸ਼ ਦੀ ਕੀਮਤ ਲੱਗਭਗ 40 ਲੱਖ ਰੁਪਏ ਦੇ ਆਸ-ਪਾਸ ਹੈ। ਰਾਤ ਮੰਦਰ ਬੰਦ ਕਰ ਦਿੱਤਾ ਗਿਆ। ਸਵੇਰੇ ਜਦੋਂ ਮੰਦਰ ਖੋਲ੍ਹਿਆ ਗਿਆ ਤਾਂ ਉਥੇ ਸਿਖਰ ’ਤੇ ਲੱਗਾ ਕਲਸ਼ ਗਾਇਬ ਸੀ। ਇਸਦਾ ਪਤਾ ਚੱਲਦੀਆਂ ਹੀ ਮੌਕੇ ਹੜਕੰਪ ਮਚ ਗਿਆ। ਤੁਰੰਤ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਗਈ। ਪਤਾ ਲੱਗਾ ਕਿ ਇਕ ਆਦਮੀ ਦੇਰ ਰਾਤ ਮੰਦਰ ਦੇ ਬਾਹਰ ਖੜ੍ਹਾ ਸੀ। ਉਹ ਕੁਝ ਮਿੰਟਾਂ ਲਈ ਉੱਥੇ ਬੈਠਾ ਵੀ ਰਿਹਾ। ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।