ਭਗਵਾਨ ਰਾਮ ਨੂੰ ਲੈ ਕੇ ਖੁਰਸ਼ੀਦ ਦੇ ਬਿਆਨ ’ਤੇ ਹੰਗਾਮਾ

Wednesday, Dec 28, 2022 - 02:24 PM (IST)

ਭਗਵਾਨ ਰਾਮ ਨੂੰ ਲੈ ਕੇ ਖੁਰਸ਼ੀਦ ਦੇ ਬਿਆਨ ’ਤੇ ਹੰਗਾਮਾ

ਨਵੀਂ ਦਿੱਲੀ (ਭਾਸ਼ਾ)– ਭਾਜਪਾ ਨੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਵਲੋਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤੁਲਨਾ ਭਗਵਾਨ ਰਾਮ ਨਾਲ ਕੀਤੇ ਜਾਣ ’ਤੇ ਮੰਗਲਵਾਰ ਨੂੰ ਸਖਤ ਇਤਰਾਜ਼ ਦਰਜ ਕੀਤੇ ਅਤੇ ਇਸ ਨੂੰ ‘ਚਾਪਲੂਸੀ ਦੀ ਹੱਦ’ ਕਰਾਰ ਦਿੱਤਾ।

ਭਾਜਪਾ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਕਾਂਗਰਸ ਨੇ ਇਹ ਤੁਲਨਾ ਕਰ ਕੇ ਸਿਰਫ ਹਿੰਦੂ ਸਮਾਜ ਦੀਆਂ ਹੀ ਨਹੀਂ ਸਗੋਂ ਪੂਰੇ ਭਾਰਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਉਸ ਦੇ ਇਸ ਸਾਹਸ ਦਾ ਜਵਾਬ ਜਨਤਾ ਦੇਵੇਗੀ। ਭਾਟੀਆ ਨੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਢੇਰਾ ਦੇ ਭੂਮੀ ਖਰੀਦ ਕਾਂਡ ਨਾਲ ਜੁੜੇ ਇਕ ਮਾਮਲੇ ਵਿਚ ਰਾਜਸਥਾਨ ਹਾਈ ਕੋਰਟ ਵਲੋਂ ਪਟੀਸ਼ਨ ਖਾਰਿਜ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਗਾਂਧੀ ਪਰਿਵਾਰ ਨੂੰ ਕੱਟੜ ਪਾਪੀ ਪਰਿਵਾਰ ਅਤੇ ਭਾਰਤੀ ਸਿਆਸਤ ਦਾ ‘ਸਭ ਤੋਂ ਭ੍ਰਿਸ਼ਟ ਪਰਿਵਾਰ’ ਕਰਾਰ ਦਿੱਤਾ।

ਸਫਾਈ ਦਿੰਦੇ ਹੋਏ ਖੁਰਸ਼ੀਦ ਬੋਲੇ-ਭਗਵਾਨ ਦੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ

ਮੰਗਲਵਾਰ ਨੂੰ ਸਲਮਾਨ ਖੁਰਸ਼ੀਦ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਭਗਵਾਨ ਨਾਲ ਤੁਲਨਾ ਨਾ ਕਿਸੇ ਦੀ ਹੋ ਸਕਦੀ ਹੈ ਨਾ ਮੈਂ ਕਰ ਸਕਦਾ ਹਾਂ। ਇਸ ਦੌਰਾਨ ਉਨ੍ਹਾਂ ਭ ਾਜਪਾ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੀ ਹਿੰਦੂ ਧਰਮ ਦੀ ਗੱਲ ਕਰਨ ਦਾ ਅਧਿਕਾਰ ਸਿਰਫ ਇਕ ਪਾਰਟੀ ਕੋਲ ਹੈ।

ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਇਹ ਇਸ ਦੇਸ਼ ਦੀ ਸੱਭਿਅਤਾ ਹੈ। ਅਸੀਂ ਉਦਾਹਰਣ ਵਜੋਂ ਭਗਵਾਨ ਰਾਮ ਦਾ ਨਾਂ ਲੈ ਲੈਂਦੇ ਹਾਂ। ਇਸ ਦੇਸ਼ ਵਿਚ ਬੱਚਿਆਂ ਦਾ ਨਾਂ ਭਗਵਾਨ ਰਾਮ ਦੇ ਨਾਂ ’ਤੇ ਰੱਖਿਆ ਜਾਂਦਾ ਹੈ। ਅਸੀਂ ਸਭ ਨੇ ਅਕਸਰ ਸੁਣਿਆ ਹੈ ਕਿ ਰਾਮ-ਰਹੀਮ ਇਕ ਹੈ। ਉਨ੍ਹਾਂ ਕਿਹਾ ਕਿ ਮੁਸੀਬਤ ਵਿਚ ਕਿਸੇ ਦੇ ਕੰਮ ਆਉਣ ’ਤੇ ਅਸੀਂ ਉਸ ਵਿਅਕਤੀ ਦੀ ਤੁਲਨਾ ਭਗਵਾਨ ਰਾਮ ਨਾਲ ਕਰਦੇ ਹਾਂ। ਇਸ ਦਾ ਮਤਲਬ ਇਹ ਨਹੀਂ ਕਿ ਉਹ ਵਿਅਕਤੀ ਭਗਵਾਨ ਹੋ ਗਿਆ। ਉਨ੍ਹਾਂ ਕਿਹਾ ਕਿ ਮੇਰੀ ਭਾਵਨਾ ਗਲਤ ਨਹੀਂ ਸੀ।


author

Rakesh

Content Editor

Related News