ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ''ਤੇ ਬਣੀ ਫ਼ਿਲਮ ''ਗਾਲਿਬ'' ਦਾ ਟਰੇਲਰ ਰਿਲੀਜ਼ (ਵੀਡੀਓ)
Thursday, Oct 29, 2020 - 03:33 PM (IST)
ਜਲੰਧਰ (ਬਿਊਰੋ) - ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਜ਼ਿੰਦਗੀ 'ਤੇ ਬਣ ਰਹੀ ਫ਼ਿਲਮ 'ਗਾਲਿਬ' ਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ 'ਚ 'ਰਮਾਇਣ' ਦੀ ਸੀਤਾ ਯਾਨੀ ਦੀਪਿਕਾ ਚਿਖਲੀਆ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਅਫਜ਼ਲ ਗੁਰੂ ਨੂੰ 9 ਜਨਵਰੀ 2013 ਨੂੰ ਫ਼ਾਂਸੀ ਦੇ ਦਿੱਤੀ ਗਈ ਸੀ ਅਤੇ ਤਿਹਾੜ ਜੇਲ੍ਹ 'ਚ ਦਫਨਾ ਦਿੱਤਾ ਗਿਆ ਸੀ। ਉਸ ਦੀ ਰਹਿਮ ਦੀ ਪਟੀਸ਼ਨ ਰਾਸ਼ਟਰਪਤੀ ਨੇ ਖਾਰਜ ਕਰ ਦਿੱਤੀ ਸੀ। 'ਗਾਲਿਬ' ਅਫਜ਼ਲ ਗੁਰੂ ਦੇ ਬੇਟੇ ਦਾ ਨਾਂ ਹੈ। ਫ਼ਿਲਮ ਦੀ ਸ਼ੂਟਿੰਗ ਭਦਰਵਾਹ 'ਚ ਕੀਤੀ ਗਈ ਹੈ, ਜਿਸ ਨੂੰ ਛੋਟਾ ਕਸ਼ਮੀਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਫ਼ਿਲਮ ਅਗਸਤ 'ਚ ਰਿਲੀਜ਼ ਹੋਣ ਵਾਲੀ ਸੀ, ਹਾਲਾਂਕਿ 'ਕੋਰੋਨਾ ਵਾਇਰਸ' ਮਹਾਮਾਰੀ ਕਾਰਨ ਇਸ 'ਚ ਦੇਰੀ ਹੋ ਗਈ। ਹੁਣ ਫ਼ਿਲਮ ਦਸੰਬਰ 'ਚ ਰਿਲੀਜ਼ ਹੋ ਸਕਦੀ ਹੈ।
ਦੀਪਿਕਾ ਚਿਖਲੀਆ ਨੇ ਅਗਸਤ 'ਚ ਫਸਟ ਲੁੱਕ ਪੋਸਟਰ ਜਾਰੀ ਕੀਤਾ ਸੀ। ਉਦੋਂ ਉਨ੍ਹਾਂ ਨੇ ਲਿਖਿਆ ਸੀ ਕਿ ਮੇਰੀ ਫ਼ਿਲਮ 'ਗਾਲਿਬ' ਦਾ ਪੋਸਟਰ। ਵਾਸਤਵਿਕ ਜ਼ਿੰਦਗੀ ਦੇ ਪਾਤਰਾਂ ਦੇ ਮੂਲ ਨਾਂ ਬਦਲ ਦਿੱਤੇ ਗਏ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਫ਼ਿਲਮ ਅਫਜ਼ਲ ਗੁਰੂ ਦੇ ਜੀਵਨ 'ਤੇ ਆਧਾਰਤ ਹੈ। ਫ਼ਿਲਮ 'ਚ ਦੀਪਿਕਾ ਦਾ ਕਿਰਦਾਰ ਨਾਂ 'ਸ਼ਬਾਨਾ' ਹੈ। ਨਿਖਿਲ ਪਿਟਲੇ ਫ਼ਿਲਮ 'ਚ ਅਫਜ਼ਲ ਗੁਰੂ ਦੇ ਬੇਟੇ ਦੀ ਭੂਮਿਕਾ ਨਿਭਾ ਰਿਹਾ ਹੈ। ਘਣਸ਼ਿਆਮ ਪਟੇਲ ਵੱਲੋਂ ਬਣਾਈ ਤੇ ਮਨੋਜ ਗਿਰੀ ਵੱਲੋਂ ਨਿਰਦੇਸ਼ਤ 'ਗਾਲਿਬ' ਨੂੰ ਧੀਰਜ ਮਿਸ਼ਰਾ ਤੇ ਧਸ਼ੋਮਤੀ ਦੇਵੀ ਨੇ ਲਿਖਿਆ ਹੈ।
ਦੱਸਣਯੋਗ ਹੈ ਕਿ ਫ਼ਿਲਮ ਦੀ ਕਹਾਣੀ 90 ਦੇ ਦਹਾਕੇ 'ਚ ਕਸ਼ਮੀਰ ਦੀ ਖ਼ੂਬਸੂਰਤ ਘਾਟੀ ਦੀ ਹੈ, ਜਿੱਥੇ ਅੱਤਵਾਦ ਸਿਖ਼ਰਾਂ 'ਤੇ ਹੈ। 'ਗਾਲਿਬ' ਦੇ ਪਿਤਾ ਦਿੱਲੀ 'ਚ ਭਾਰਤੀ ਸੰਸਦ 'ਤੇ ਹਮਲੇ ਲਈ ਦੋਸ਼ੀ ਪਾਏ ਗਏ ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਮਰਨ ਤੋਂ ਪਹਿਲਾਂ 'ਗਾਲਿਬ' ਦਾ ਪਿਤਾ ਚਾਹੁੰਦਾ ਸੀ ਕਿ ਉਹ ਸਿਰਫ਼ ਪੜ੍ਹਾਈ 'ਚ ਆਪਣਾ ਧਿਆਨ ਕੇਂਦਰਿਤ ਕਰੇ ਤੇ ਆਪਣੇ ਪਿਤਾ ਵੱਲੋਂ ਅਪਨਾਏ ਰਸਤੇ ਤੋਂ ਪੂਰੀ ਤਰ੍ਹਾਂ ਦੂਰ ਰਹੇ। ਪਿਤਾ ਦੀ ਮੌਤ ਤੋਂ ਬਾਅਦ ਗਾਲਿਬ ਦੀ ਮਾਂ ਨੇ ਉਸ ਦਾ ਪਾਲਣ-ਪੋਸ਼ਣ ਕੀਤਾ ਪਰ ਫਿਰ ਵੀ ਉਹ ਬੇਟੇ ਨੂੰ ਗ਼ਲਤ ਰਸਤੇ 'ਤੇ ਜਾਣ ਤੋਂ ਨਾ ਰੋਕ ਸਕੀ। ਉਦੋਂ ਗਾਲਿਬ ਦੀ ਜ਼ਿੰਦਗੀ 'ਚ ਇਕ ਅਧਿਆਪਕ ਆਉਂਦਾ ਹੈ ਤੇ ਉਸ ਦੀ ਜ਼ਿੰਦਗੀ 'ਚ ਨਵਾਂ ਮੋੜ ਆਉਂਦਾ ਹੈ। ਇਥੇ ਉਸ ਦੀ ਸਕਾਰਾਤਮਕ ਸੋਚ ਉਸ ਦੀ ਜ਼ਿੰਦਗੀ 'ਚ ਵੱਡੀ ਤਬਦੀਲੀ ਲਿਆਉਂਦੀ ਹੈ। ਗਾਲਿਬ ਆਪਣੇ ਅਧਿਆਪਕ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਤੇ ਆਖ਼ਰ ਪੂਰੇ ਕਸ਼ਮੀਰ 'ਚੋਂ ਹਾਈ ਸਕੂਲ ਦੀ ਪ੍ਰੀਖਿਆ 'ਚੋਂ ਟਾਪ ਕਰਦਾ ਹੈ।