ਯੂ. ਪੀ. ’ਚ ਟੀਚਰ ਨਹੀਂ ਪਹਿਨ ਸਕਦੇ ਜੀਨਸ ਅਤੇ ਟੀ-ਸ਼ਰਟ, ਆਇਆ ਨਵਾਂ ਫ਼ਰਮਾਨ
Saturday, Oct 15, 2022 - 10:11 AM (IST)
ਲਖਨਊ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜ਼ਿਲ੍ਹਾ ਸਕੂਲ ਇੰਸਪੈਕਟਰ (ਡੀ. ਆਈ. ਓ. ਐਸ.) ਰਾਜਿੰਦਰ ਕੁਮਾਰ ਨੇ ਇਕ ਬੇਤੁਕਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਅਧਿਆਪਕਾਂ ਨੂੰ ਜੀਨਸ ਅਤੇ ਟੀ-ਸ਼ਰਟਾਂ ਪਾ ਕੇ ਸਕੂਲ ਨਾ ਆਉਣ ਦਾ ਹੁਕਮ ਦਿੱਤਾ ਹੈ। ਤੰਗ ਕੱਪੜੇ ਪਾ ਕੇ ਆਉਣ ਵਾਲੇ ਅਧਿਆਪਕਾਂ ਨੂੰ ਇਸ ਸੰਬੰਧੀ ਸਖ਼ਤ ਹਦਾਇਤ ਜਾਰੀ ਕੀਤੀ ਗਈ ਹੈ।
ਇਹ ਨਿਯਮ ਜ਼ਿਲ੍ਹੇ ਦੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ’ਤੇ ਲਾਗੂ ਹੋਵੇਗਾ। ਸਕੂਲਾਂ ਵਿਚ ਬੱਚੇ ਅਧਿਆਪਕਾਂ ਨੂੰ ਦੇਖ ਕੇ ਹੀ ਨਿਯਮਾਂ ਦੀ ਪਾਲਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਵਿਚ ਹਰ ਅਧਿਆਪਕ ਲਈ ਕਮੀਜ਼ ਅਤੇ ਪੈਂਟ ਪਹਿਨਣੀ ਲਾਜ਼ਮੀ ਹੋਵੇਗੀ। ਇਸੇ ਤਰ੍ਹਾਂ ਜੋ ਸਾਡੀਆਂ ਮਹਿਲਾ ਅਧਿਆਪਕਾਂ ਹਨ, ਉਨ੍ਹਾਂ ਨੂੰ ਵੀ ਤੰਗ ਕੱਪੜੇ ਪਾਉਣੇ ਚਾਹੀਦੇ ਹਨ। ਜੇਕਰ ਉਨ੍ਹਾਂ ਨੂੰ ਸਾੜ੍ਹੀ ਜਾਂ ਸੂਟ ਪਹਿਨਣਾ ਹੈ ਤਾਂ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਦੇ ਕੱਪੜੇ ਜ਼ਿਆਦਾ ਚਮਕਦਾਰ ਜਾਂ ਤੰਗ ਨਾ ਹੋਣ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਇਹ ਅਨੁਸ਼ਾਸਨ ਦਾ ਮਾਮਲਾ ਹੈ ਅਤੇ ਸਕੂਲਾਂ ’ਚ ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਸਾਨੂੰ ਅਨੁਸ਼ਾਸਨ ਦੀ ਸਿਰਫ ਬੱਚਿਆਂ ਤੋਂ ਹੀ ਉਮੀਦ ਨਹੀਂ ਕਰਨੀ ਚਾਹੀਦੀ। ਅਨੁਸ਼ਾਸਨ ਦੀ ਉਮੀਦ ਸਾਨੂੰ ਅਧਿਆਪਕਾ ਤੋਂ ਵੀ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਉਹ ਅਨੁਸ਼ਾਸਿਤ ਹੋਣਗੇ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਇਸ ਦਾ ਬੱਚਿਆਂ ’ਤੇ ਵੀ ਚੰਗਾ ਅਸਰ ਪਵੇਗਾ।