334 ਸੁਰੱਖਿਅਤ ਤੋਤੇ ਬਰਾਮਦ, ਸਮੱਗਲਿੰਗ ਗਿਰੋਹ ਦਾ ਮੈਂਬਰ ਗ੍ਰਿਫ਼ਤਾਰ
Wednesday, Jan 07, 2026 - 09:41 PM (IST)
ਵਾਰਾਣਸੀ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਐੱਸ. ਟੀ. ਐੱਫ. ਨੇ ਜੰਗਲੀ ਜੀਵਾਂ ਦੀ ਇਕ ਵੱਡੀ ਸਮੱਗਲਿੰਗ ਰੋਕਣ ’ਚ ਸਫ਼ਲਤਾ ਹਾਸਲ ਕੀਤੀ ਹੈ। ਕੈਂਟ ਰੇਲਵੇ ਸਟੇਸ਼ਨ ’ਤੇ 334 ਸੁਰੱਖਿਅਤ ਤੋਤੇ ਬਰਾਮਦ ਕੀਤੇ ਗਏ ਅਤੇ ਅੰਤਰਰਾਜੀ ਸਮੱਗਲਿੰਗ ਗਿਰੋਹ ਦੇ ਮੈਂਬਰ ਮੁਹੰਮਦ ਜ਼ਾਹਿਦ (ਪੱਛਮੀ ਬੰਗਾਲ, ਬਰਧਮਾਨ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਰਾਮਦ ਤੋਤੇ ‘ਰੋਜ਼-ਰਿੰਗਡ’ ਅਤੇ ‘ਅਲੈਗਜ਼ੈਂਡਰਿਨ ਪੈਰਾਕੀਟ’ ਵਰਗੀਆਂ ਪਾਬੰਦੀਸ਼ੁਦਾ ਕਿਸਮਾਂ ਦੇ ਸਨ।
ਜ਼ਾਹਿਦ ਅੰਮ੍ਰਿਤਸਰ-ਹਾਵੜਾ ਮੇਲ ਟ੍ਰੇਨ ਰਾਹੀਂ ਪਲਾਸਟਿਕ ਦੇ ਬੈਗ ਵਿਚ ਤੋਤੇ ਲੈ ਕੇ ਬਰਧਮਾਨ ਜਾ ਰਿਹਾ ਸੀ। ਉਸ ਕੋਲੋਂ 3700 ਰੁਪਏ ਨਕਦ ਵੀ ਬਰਾਮਦ ਹੋਏ ਹਨ। ਐੱਸ. ਟੀ. ਐੱਫ. ਦੀ ਇਹ ਕਾਰਵਾਈ ਗੈਰ-ਕਾਨੂੰਨੀ ਜੰਗਲੀ ਜੀਵ ਵਪਾਰ ਨੂੰ ਨੱਥ ਪਾਉਣ ਵਿਚ ਇਕ ਅਹਿਮ ਕਦਮ ਹੈ।
