ਭੁੱਖ ਮਿਟਾਉਣ ਲਈ ਕੀਤੀ 600 ਰੁ. ਦੀ ਚੋਰੀ, ਜੇਲ੍ਹ ਅਧਿਕਾਰੀਆਂ ਦਾ ਵੀ ਪਸੀਜਿਆ ਦਿਲ

06/22/2020 9:26:35 PM

ਕੰਨੂਰ- ਉੱਤਰ ਪ੍ਰਦੇਸ਼ ਦੇ ਅਜੈ ਨਾਂ ਦੇ ਇਕ ਨੌਜਵਾਨ ਨੇ ਇਕ ਬੈਂਕ ਵਿਚੋਂ ਸਿਰਫ 600 ਰੁਪਏ ਚੋਰੀ ਕੀਤੇ ਅਤੇ ਫਿਰ ਫੜੇ ਜਾਣ ਤੋਂ ਬਾਅਦ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ 21 ਸਾਲਾ ਅਜੈ ਦੀ ਦਿਲ ਨੂੰ ਝਿੰਜੋੜ ਦੇਣ ਵਾਲੀ ਕਹਾਣੀ ਸੁਣ ਕੇ ਜੇਲ੍ਹ ਅਧਿਕਾਰੀਆਂ ਨੇ ਜਮਾਨਤ ਦਿਲਾਉਣ ਅਤੇ ਵਾਪਸ ਆਪਣੇ ਪਰਿਵਾਰ ਵਿਚ ਵਾਪਸ ਜਾਣ ਲਈ ਪ੍ਰਵਾਸੀ ਮਜ਼ਦੂਰ ਦੀ ਸਹਾਇਤਾ ਕੀਤੀ।
ਅਸਲ ਵਿਚ ਉਸ ਨੂੰ ਭੁੱਖ ਲੱਗੀ ਸੀ ਤੇ ਉਸ ਨੇ ਆਪਣੀ ਮਾਂ ਨੂੰ ਮਿਲਣ ਲਈ ਇਹ ਪੈਸੇ ਚੋਰੀ ਕੀਤੇ। ਕੋਵਿਡ-19 ਕਾਰਨ ਜਾਰੀ ਲਾਕਡਾਊਨ ਦੇ ਚੱਲਦਿਆਂ ਉਹ ਫਸ ਗਿਆ ਸੀ ਤੇ ਉਸ ਦੀ ਨੌਕਰੀ ਚਲੇ ਗਈ ਸੀ। ਇਹ ਹੀ ਨਹੀਂ ਉਸ ਨੂੰ ਆਪਣੇ ਪਰਿਵਾਰ ਲਈ ਭੀਖ ਵੀ ਮੰਗਣੀ ਪਈ। ਅਧਿਕਾਰੀਆਂ ਨੇ ਦੱਸਿਆ ਕਿ ਅਜੈ ਬਾਬੂ ਸੋਮਵਾਰ ਨੂੰ ਹਮੀਰਪੁਰ ਜ਼ਿਲ੍ਹੇ ਦੇ ਸਿਸੋਲਰ ਪਿੰਡ ਵਿਚ ਆਪਣੇ ਪਰਿਵਾਰ ਕੋਲ ਪੁੱਜ ਗਿਆ। ਉਨ੍ਹਾਂ ਦੱਸਿਆ ਕਿ ਕੇਰਲ ਜੇਲ੍ਹ ਵਿਭਾਗ ਦੇ ਕੁੱਝ ਨੇਕ ਦਿਲ ਕਰਮਚਾਰੀਆਂ, ਕਾਸਰਗੋਡ ਦੇ ਇਕ ਵਕੀਲ ਅਤੇ ਕਾਨੂੰਨੀ ਸੇਵਾਵਾਂ ਦੇ ਅਧਿਕਾਰੀਆਂ ਨੇ ਉਸ ਦੀ ਦੁਰਦਸ਼ਾ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਸ ਦੀ ਮਦਦ ਕੀਤੀ। ਉਸ ਨੂੰ 500 ਰੁਪਏ ਜੇਬ ਖਰਚ, ਦੋ ਜੋੜੇ ਕੱਪੜੇ ਅਤੇ ਦਿੱਲੀ ਜਾਣ ਵਾਲੀ ਰੇਲਗੱਡੀ ਦੀ ਟਿਕਟ ਦਿੱਤੀ ਗਈ, ਜਿੱਥੋਂ ਉਹ ਆਪਣੇ ਪਿੰਡ ਪੁੱਜ ਸਕਿਆ । ਸੋਮਵਾਰ ਸਵੇਰੇ ਉਸ ਦੇ ਰਿਸ਼ਤੇਦਾਰ ਉਸ ਨੂੰ ਲੈਣ ਪੁੱਜੇ। 

ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਕ ਬੈਂਕ ਦੇ ਰੌਸ਼ਨਦਾਨ ਵਿਚ ਦਾਖਲ ਹੋ ਕੇ ਨਕਦ ਪੇਟੀ ਵਿਚੋਂ 600 ਰੁਪਏ ਕੱਢ ਲਏ। ਇਸ ਪੈਸੇ ਨਾਲ ਉਹ ਨਾਲ ਦੇ ਢਾਬੇ ਕੋਲੋਂ ਰੋਟੀ ਖਾਂਦਾ ਸੀ ਤੇ ਇਸੇ ਇਲਾਕੇ ਵਿਚ ਸੌਂਦਾ ਸੀ। ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਉਸ ਨੂੰ ਹਿਰਾਸਤ ਵਿਚ ਲਿਆ ਗਿਆ। ਕੋਵਿਡ-19 ਦੇ ਖਤਰੇ ਕਾਰਨ ਉਸ ਨੂੰ 25 ਮਾਰਚ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ, ਜਿੱਥੋਂ ਉਹ ਭੱਜ ਗਿਆ ਤਾਂ ਕਿ ਉਹ ਪੁਲਸ ਵਲੋਂ ਜ਼ਬਤ ਆਪਣਾ ਫੋਨ ਲੈ ਕੇ ਆਪਣੀ ਮਾਂ ਨਾਲ ਗੱਲ ਕਰ ਸਕੇ।


Sanjeev

Content Editor

Related News