ਦੀਵਾਲੀ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਹੋਮ ਗਾਰਡ ਜਵਾਨਾਂ ਨੂੰ ਮਿਲਿਆ ਤੋਹਫਾ
Thursday, Oct 24, 2019 - 04:22 PM (IST)

ਲਖਨਊ (ਭਾਸ਼ਾ)— ਦੀਵਾਲੀ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਹੋਮ ਗਾਰਡਾਂ ਨੂੰ ਤੋਹਫਾ ਮਿਲਿਆ ਹੈ। ਗ੍ਰਹਿ ਵਿਭਾਗ ਨੇ ਫੈਸਲਾ ਲਿਆ ਹੈ ਕਿ ਹਾਲ ਹੀ 'ਚ ਹਟਾਏ ਗਏ 25 ਹਜ਼ਾਰ ਹੋਮ ਗਾਰਡ ਜਵਾਨਾਂ ਦੀਆਂ ਸੇਵਾਵਾਂ ਨੂੰ ਅਗਲੇ ਹੁਕਮ ਤਕ ਜਾਰੀ ਰੱਖਿਆ ਜਾਵੇਗਾ। ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਅਵਨੀਸ਼ ਅਵਸਥੀ ਵਲੋਂ ਬੁੱਧਵਾਰ ਨੂੰ ਜਾਰੀ ਹੁਕਮ ਮੁਤਾਬਕ ਆਉਣ ਵਾਲੇ ਤਿਉਹਾਰਾਂ ਨੂੰ ਦੇਖਦਿਆਂ ਵਿਭਾਗ 'ਚ ਹੋਮ ਗਾਰਡਾਂ ਦੀਆਂ ਸੇਵਾਵਾਂ ਨੂੰ ਅਗਲੇ ਹੁਕਮ ਤਕ ਬਰਕਰਾਰ ਰੱਖਿਆ ਜਾਵੇਗਾ।
ਦਰਅਸਲ ਵਿੱਤ ਵਿਭਾਗ ਤੋਂ ਧਨ ਨਾ ਮਿਲ ਸਕਣ ਕਾਰਨ ਗ੍ਰਹਿ ਵਿਭਾਗ ਨੇ ਆਪਣੇ ਇੱਥੇ ਕੰਮ ਕਰ ਰਹੇ 25 ਹਜ਼ਾਰ ਹੋਮ ਗਾਰਡਾਂ ਨੂੰ ਪਿਛਲੇ ਹਫਤੇ ਹਟਾ ਦਿੱਤਾ ਸੀ। ਇਸ ਮਸਲੇ 'ਤੇ ਬੀਤੀ 18 ਅਕਤੂਬਰ ਨੂੰ ਗ੍ਰਹਿ ਵਿਭਾਗ ਅਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਹੋਈ ਸੀ। ਬੈਠਕ ਵਿਚ ਹੋਮ ਗਾਰਡਾਂ ਦੀ ਡਿਊਟੀ ਲਾਉਣ 'ਚ ਆ ਰਹੀ ਧਨ ਦੀ ਘਾਟ ਨੂੰ ਦੂਰ ਕਰਨ ਦੇ ਉਪਾਵਾਂ 'ਤੇ ਚਰਚਾ ਹੋਈ। ਜਿਸ ਤੋਂ ਬਾਅਦ ਡਿਊਟੀ ਕਰ ਰਹੇ 25 ਹਜ਼ਾਰ ਹੋਮ ਗਾਰਡਾਂ ਨੂੰ ਹਟਾ ਦਿੱਤਾ ਗਿਆ। ਇਸ ਬਾਰੇ ਇਕ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ।