UP ਚੋਣਾਂ 2022: CM ਯੋਗੀ ਨੇ ਗੋਰਖਪੁਰ ’ਚ ਪਾਈ ਵੋਟ, ਵੋਟਰਾਂ ਨੂੰ ਕੀਤੀ ਖ਼ਾਸ ਅਪੀਲ
Thursday, Mar 03, 2022 - 10:35 AM (IST)
ਗੋਰਖਪੁਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 6ਵੇਂ ਪੜਾਅ ਲਈ ਪੈ ਰਹੀਆਂ ਵੋਟਾਂ ਲਈ ਅੱਜ ਗੋਰਖਪੁਰ ’ਚ ਵੋਟ ਪਾਈ। ਵੋਟ ਪਾਉਣ ਮਗਰੋਂ ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਮੈਨੂੰ ਵੋਟ ਪਾਉਣ ਦਾ ਮੌਕਾ ਮਿਲਿਆ, ਇਹ ਮੇਰਾ ਸੌਭਾਗ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵਿਕਾਸ ਲਈ ਵੋਟ ਪਾਓ। ਵੋਟ ਪਾਉਣ ਵਾਲਾ ਹਰ ਨਾਗਰਿਕ ਹਰ ਵਿਅਕਤੀ ਨੂੰ ਪ੍ਰੇਰਿਤ ਕਰੇ ਅਤੇ ਵੋਟ ਪਾਵੇ। ਉਨ੍ਹਾਂ ਨੇ ਇਸ ਦੌਰਾਨ ਸਮਾਜਵਾਦੀ ਪਾਰਟੀ ਨੂੰ ਲੰਬੇ ਹੱਥੀਂ ਲਿਆ ਅਤੇ ਕਿਹਾ ਕਿ ਵੰਸ਼ਵਾਦ, ਮਾਫੀਆ ਅਤੇ ਜਾਤੀਵਾਦ ਤੋਂ ਬਾਹਰ ਨਿਕਲ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੋ। ਉਨ੍ਹਾਂ ਕਿਹਾ ਕਿ ਵਿਕਾਸ ਦੇ ਮੁੱਦੇ ’ਤੇ ਵੋਟ ਪਾਓ, ਜਿਸ ਨਾਲ ਦੇਸ਼ ਦਾ ਵਿਕਾਸ ਹੋ ਸਕੇ।
ਯੋਗੀ ਨੇ ਟਵੀਟ ਕਰ ਕੇ ਲੋਕਾਂ ਨੂੰ ਕਿਹਾ ਕਿ ਪਹਿਲਾਂ ਵੋਟ-ਫਿਰ ਜਲਪਾਨ ਦਾ ਸੰਕਲਪ ਲੈ ਕੇ ਲੋਕਤੰਤਰ ਦੇ ਨਾਗਰਿਕ ਦੀ ਜ਼ਿੰਮੇਵਾਰੀ ਨਿਭਾਉ। ਉਨ੍ਹਾਂ ਨੇ ਲਿਖਿਆ ਚੋਣਾ, ਲੋਕਤੰਤਰ ਦਾ ਮਹਾਪਰਵ ਹੈ। ਇਸ ਮੌਕੇ ਸਾਰਿਆਂ ਦੀ ਭਾਗੀਦਾਰੀ ਜ਼ਰੂਰੀ ਹੈ। ਤੁਹਾਡੀ ਇਕ-ਇਕ ਵੋਟ ਕੀਮਤੀ ਹੈ। ਤੁਹਾਡੀ ਹਰ ਇਕ ਵੋਟ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਦੇਸ਼ ਦੀ ਤਰੱਕੀ ਨੂੰ ਨਵੀਂ ਦਿਸ਼ਾ ਦੇਣ ਵਾਲੀ ਹੈ।
ਦੱਸ ਦੇਈਏ ਕਿ ਯੋਗੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੇ ਹਨ। ਗੋਰਖਪੁਰ ਸਦਰ ਵਿਧਾਨ ਸਭਾ ਸੀਟ ’ਤੇ ਭਗਵਾ ਖੇਮੇ ਦਾ ਅਜਿਹਾ ਅਭੇਦ ਕਿਲ੍ਹਾ ਹੈ, ਜਿਸ ਨੂੰ ਪਿਛਲੇ ਲਗਾਤਾਰ 33 ਸਾਲ ਤੋਂ ਕੋਈ ਭੇਦ ਨਹੀਂ ਸਕਿਆ ਹੈ। ਯੋਗੀ ਸਦਰ ਸੀਟ ਤੋਂ ਹੀ 1998 ਤੋਂ 2017 ਤੱਕ ਸੰਸਦ ਮੈਂਬਰ ਰਹੇ ਹਨ। ਉਹ ਸਭ ਤੋਂ ਪਹਿਲਾਂ 1998 ’ਚ ਇੱਥੋਂ ਭਾਜਪਾ ਉਮੀਦਵਾਰ ਦੇ ਤੌਰ ’ਤੇ ਲੋਕ ਸਭਾ ਚੋਣਾਂ ਲੜੇ ਸਨ। ਉਸ ਚੋਣਾਂ ’ਚ ਉਨ੍ਹਾਂ ਨੇ ਬਹੁਤ ਹੀ ਘੱਟ ਫਰਕ ਨਾਲ ਜਿੱਤ ਦਰਜ ਕੀਤੀ ਸੀ ਪਰ ਉਸ ਤੋਂ ਬਾਅਦ ਹਰ ਚੋਣ ’ਚ ਉਨ੍ਹਾਂ ਦੀ ਜਿੱਤ ਦਾ ਫਰਕ ਵੱਧਦਾ ਗਿਆ। ਉਹ 1999, 2004, 2009 ਅਤੇ 2014 ’ਚ ਸੰਸਦ ਮੈਂਬਰ ਚੁਣੇ ਗਏ।