UP Election Result 2022: ਯੋਗੀ ਅਤੇ ਅਖਿਲੇਸ਼ ਆਪਣੀ ਸੀਟ ’ਤੇ ਅੱਗੇ, ਭਾਜਪਾ ਨੇ ਬਣਾਈ ਲੀਡ
Thursday, Mar 10, 2022 - 11:48 AM (IST)
ਲਖਨਊ- ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ’ਚ ਵੱਖ-ਵੱਖ ਪਾਰਟੀਆਂ ਦੇ ਮੁੱਖ ਨੇਤਾਵਾਂ ਦੀ ਮੌਜੂਦਾ ਚੁਣਾਵੀ ਸਥਿਤੀ ‘ਕਿਤੇ ਖੁਸ਼ੀ ਕਿਤੇ ਗਮ’ ਵਾਲੀ ਨਜ਼ਰ ਆ ਰਹੀ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਉਨ੍ਹਾਂ ਦੀ ਕੈਬਨਿਟ ਦੇ ਜ਼ਿਆਦਾਤਰ ਸਹਿਯੋਗੀ ਮੰਤਰੀਆਂ ਨੇ ਲੀਡ ਬਣਾ ਲਈ ਹੈ। ਉੱਥੇ ਹੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੀ ਕਰਹਲ ਸੀਟ ’ਤੇ ਅੱਗੇ ਚਲ ਰਹੇ ਹਨ।
ਇਹ ਵੀ ਪੜ੍ਹੋ: UP Election Result 2022: ਰੁਝਾਨਾਂ ’ਚ ਭਾਜਪਾ ਨੂੰ ਮਜ਼ਬੂਤ ਲੀਡ, ਜਾਣੋ ਪਲ-ਪਲ ਦੀ ਖ਼ਬਰ
ਚੋਣ ਕਮਿਸ਼ਨ ਦੀ ਵੈੱਬਸਾਈਟ ਦੇ ਰੁਝਾਨਾਂ ਮੁਤਾਬਕ ਗੋਰਖਪੁਰ ਸਦਰ ਸੀਟ ’ਤੇ ਮੁੱਖ ਮੰਤਰੀ ਯੋਗੀ ਨੇ ਸਮਾਜਵਾਦੀ ਪਾਰਟੀ ਦੀ ਸੁਭਾਵਤੀ ਸ਼ੁਕਲਾ ਤੋਂ 14,000 ਵੋਟਾਂ ਨਾਲ ਲੀਡ ਬਣਾਈ ਹੋਈ ਹੈ। ਉੱਥੇ ਹੀ ਅਖਿਲੇਸ਼ ਨੇ ਮੈਨਪੁਰੀ ਜ਼ਿਲ੍ਹੇ ਦੇ ਕਰਹਲ ਸੀਟ ’ਤੇ ਭਾਜਪਾ ਉਮੀਦਵਾਰ ਐੱਸ. ਸਿੰਘ ਬਘੇਲ ਤੋਂ 22,612 ਵੋਟਾਂ ਨਾਲ ਲੀਡ ਬਣਾਈ ਹੋਈ ਹੈ। ਹਾਲਾਂਕਿ ਸਿਰਾਥੂ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਆਪਣੇ ਨੇੜਲੇ ਉਮੀਦਵਾਰ ਸਮਾਜਵਾਦੀ ਪਾਰਟੀ ਦੀ ਪੱਲਵੀ ਪਟੇਲ ਤੋਂ 2144 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਚੋਣ ਕਮਿਸ਼ਨ ਵਲੋਂ 11 ਵਜੇ ਤਕ ਤਿੰਨ ਘੰਟੇ ਦੀ ਵੋਟਾਂ ਦੀ ਗਿਣਤੀ ਮਗਰੋਂ 403 ’ਚੋਂ 393 ਸੀਟਾਂ ਦੇ ਰੁਝਾਨਾਂ ਮੁਤਾਬਕ ਭਾਜਪਾ 241 ਸੀਟਾਂ ਨਾਲ ਅੱਗੇ ਚਲ ਰਹੀ ਹੈ। ਸਮਾਜਵਾਦੀ ਪਾਰਟੀ 109 ਸੀਟਾਂ ’ਤੇ ਚਲ ਰਹੀ ਹੈ।