UP ਚੋਣਾਂ 2022: ਮਾਇਆਵਤੀ ਨੇ ਪਾਈ ਵੋਟ, ਵੋਟਰਾਂ ਨੂੰ ਕੀਤੀ ਅਪੀਲ
Wednesday, Feb 23, 2022 - 09:39 AM (IST)
ਲਖਨਊ– ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਲਈ 9 ਜ਼ਿਲ੍ਹਿਆਂ ਦੀਆਂ 59 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਚੌਥੇ ਪੜਾਅ ਦੀ ਵੋਟਿੰਗ ’ਚ ਹਿੱਸਾ ਲੈਂਦੇ ਹੋਏ ਆਪਣੀ ਵੋਟ ਰਾਜਧਾਨੀ ਲਖਨਊ ਦੇ ਮਾਂਟੇਸਰੀ ਸਕੂਲ ’ਚ ਪਾਈ। ਇਸ ਦੌਰਾਨ ਮਾਇਆਵਤੀ ਨੇ ਕਿਹਾ ਕਿ ਸਾਡੀ ਪਾਰਟੀ 2007 ਦੇ ਇਤਿਹਾਸ ਨੂੰ ਫਿਰ ਤੋਂ ਦੋਹਰਾਏਗੀ। ਉਨ੍ਹਾਂ ਨੇ ਪ੍ਰਦੇਸ਼ ਦੇ ਵੋਟਰਾਂ ਨੂੰ ਲੋਕਤੰਤਰ ਦੇ ਤਿਉਹਾਰ ’ਚ ਆਪਣੇ ਘਰਾਂ ਤੋਂ ਨਿਕਲ ਕੇ ਵੋਟ ਜ਼ਰੂਰ ਪਾਉਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ।ਇਸ ਲਈ ਵੋਟ ਜ਼ਰੂਰ ਪਾਓ। ਮਾਇਆਵਤੀ ਨੇ ਕਿਹਾ ਕਿ ਬਸਪਾ ਨੂੰ ਇਕੱਲੇ ਅਨੁਸੂਚਿਤ ਜਨਜਾਤੀ ਦਾ ਹੀ ਨਹੀਂ ਸਗੋਂ ਮੁਸਲਮਾਨਾਂ ਅਤੇ ਅਤਿ ਪਿਛੜੇ ਵਰਗਾਂ ਨਾਲ ਸਾਰੇ ਸਮਾਜ ਦੇ ਲੋਕਾਂ ਦੀ ਵੋਟ ਮਿਲ ਰਹੀ ਹੈ। ਜਦੋਂ ਚੋਣ ਨਤੀਜੇ ਆਉਣਗੇ ਤਾਂ ਸਮਾਂ ਦੱਸੇਗਾ ਕਿ ਕੌਣ ਕਿੰਨੇ ਪਾਣੀ ਵਿਚ ਹੈ। ਇਸ ਦੌਰਾਨ ਮਾਇਆਵਤੀ ਨੇ ਸਮਾਜਵਾਦੀ ਪਾਰਟੀ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਮੁਸਲਮਾਨ ਵੀ ਉਸ ਨੂੰ ਨਕਾਰ ਰਿਹਾ ਹੈ। ਇਸ ਵਾਰ ਮੁਸਲਮਾਨ ਸਪਾ ਨੂੰ ਵੋਟ ਨਹੀਂ ਦੇਵੇਗੀ।