UP 'ਚ ਕੋਰੋਨਾ ਵਾਇਰਸ ਦੀ ਦਸਤਕ, ਆਗਰਾ 'ਚ ਇਕ ਹੀ ਪਰਿਵਾਰ ਦੇ 6 ਲੋਕਾਂ 'ਚ ਪੁਸ਼ਟੀ
Tuesday, Mar 03, 2020 - 03:20 PM (IST)
ਆਗਰਾ— ਚੀਨ ਸਮੇਤ ਕਈ ਦੇਸ਼ਾਂ 'ਚ ਕੋਹਰਾਮ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਉੱਤਰ ਪ੍ਰਦੇਸ਼ 'ਚ ਦਸਤਕ ਦੇ ਦਿੱਤੀ ਹੈ। ਆਗਰਾ 'ਚ ਇਕ ਹੀ ਪਰਿਵਾਰ ਦੇ 6 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਸੋਮਵਾਰ ਨੂੰ ਪਰਿਵਾਰ ਦੇ 13 ਮੈਂਬਰਾਂ ਦੇ ਨਮੂਨੇ ਲਏ ਗਏ ਸਨ। ਜਾਂਚ 'ਚ ਇਸ ਦੀ ਪੁਸ਼ਟੀ ਹੋਈ ਹੈ। ਆਗਰਾ ਵਾਸੀ ਬੂਟ ਕਾਰੋਬਾਰੀ 2 ਭਰਾ ਆਪਣੇ ਦਿੱਲੀ ਵਾਸੀ ਰਿਸ਼ਤੇਦਾਰ ਨਾਲ ਇਟਲੀ ਦੀ ਯਾਤਰਾ ਤੋਂ 25 ਫਰਵਰੀ ਨੂੰ ਆਏ ਹਨ। ਐਤਵਾਰ ਨੂੰ ਇਨ੍ਹਾਂ ਨਾਲ ਗਏ ਦਿੱਲੀ ਵਾਸੀ ਰਿਸ਼ਤੇਦਾਰ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਦੀ ਜਾਣਕਾਰੀ ਹੋਣ 'ਤੇ ਦੋਵੇਂ ਭਰਾ ਆਪਣੇ ਪਰਿਵਾਰ ਨਾਲ ਸੋਮਵਾਰ ਸ਼ਾਮ ਨੂੰ ਜ਼ਿਲਾ ਹਸਪਤਾਲ ਪਹੁੰਚੇ। ਐੱਸ.ਆਈ.ਸੀ. ਨੂੰ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਨੇ ਤੁਰੰਤ ਐੱਸ.ਐੱਨ. ਮੈਡੀਕਲ ਕਾਲਜ ਦੇ ਮਾਈਕ੍ਰੋ ਬਾਇਓਲੋਜੀ ਵਿਭਾਗ ਦੀ ਟੀਮ ਨੂੰ ਨਮੂਨੇ ਲੈਣ ਲਈ ਬੁਲਾਇਆ ਸੀ।
ਜ਼ਿਲਾ ਹਸਪਤਾਲ ਦੇ ਅਐੱਸ.ਆਈ.ਸੀ. ਡਾ. ਐੱਸ.ਕੇ. ਵਰਮਾ ਨੇ ਦੱਸਿਆ ਕਿ ਸੋਮਵਾਰ ਨੂੰ ਇਕ ਪਰਿਵਾਰ ਦੇ 13 ਮੈਂਬਰਾਂ ਦੇ ਨਮੂਨੇ ਲਏ ਗਏ ਸਨ। ਇਨ੍ਹਾਂ 'ਚ 5 ਬੱਚੇ ਵੀ ਸ਼ਾਮਲ ਹਨ। ਜਾਂਚ 'ਚ 6 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਸਾਰਿਆਂ ਨੂੰ ਦਿੱਲੀ ਰੈਫਰ ਕੀਤਾ ਗਿਆ ਹੈ। ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਗਰਾ ਜ਼ਿਲੇ ਦੇ ਸਿਹਤ ਵਿਭਾਗ ਨੇ ਡਾਕਟਰਾਂ ਨੂੰ ਅਲਰਟ ਕਰ ਦਿੱਤਾ ਹੈ। ਐੱਸ.ਐੱਨ. ਮੈਡੀਕਲ ਕਾਲਜ 'ਚ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਾਰਡ ਬਣਿਆ ਹੋਇਆ ਹੈ। ਇੱਥੇ ਵਿਵਸਥਾਵਾਂ ਹੋਰ ਸਹੀ ਕਰਨ ਦੇ ਨਾਲ ਰੈਪਿਡ ਰਿਸਪਾਂਸ ਟੀਮ ਬਣਾ ਦਿੱਤੀ ਹੈ। ਦੂਜੇ ਪਾਸੇ ਤਾਜ ਮਹਿਲ 'ਤੇ ਦੇਸੀ ਅਤੇ ਵਿਦੇਸ਼ੀ ਸੈਲਾਨੀ ਆਉਂਦੇ ਹਨ। ਕੋਰੋਨਾ ਵਾਇਰਸ ਕਾਰਨ ਤਾਜਨਗਰੀ 'ਚ ਹੋਟਲ ਅਤੇ ਹਸਪਤਾਲ 'ਚ ਲੋਕ ਜ਼ਿਆਦਾ ਸਾਵਧਾਨੀ ਵਰਤ ਰਹੇ ਹਨ। ਹੋਟਲ ਕਰਮਚਾਰੀ ਅਤੇ ਮੈਡੀਕਲ ਸਟਾਫ ਮਾਸਕ ਲਗਾ ਕੇ ਹੀ ਸੇਵਾਵਾਂ ਦੇ ਰਹੇ ਹਨ। ਹੋਟਲ 'ਚ ਰਿਸੈਪਸ਼ਨਿਸਟਾਂ ਲਈ ਤਾਂ ਮਾਸਕ ਜ਼ਰੂਰੀ ਕਰ ਦਿੱਤਾ ਹੈ।