UP ਬੋਰਡ ਦੀ10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਸ਼ੁਰੂ, ਯੋਗੀ ਨੇ ਵਿਦਿਆਰਥੀਆਂ ਦਾ ਵਧਾਇਆ ਹੌਂਸਲਾ
Thursday, Mar 24, 2022 - 12:09 PM (IST)
ਲਖਨਊ- ਉੱਤਰ ਪ੍ਰਦੇਸ਼ ਮਾਧਿਅਮ ਸਿੱਖਿਆ ਪ੍ਰੀਸ਼ਦ ਦੀ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਸਖਤ ਸੁਰੱਖਿਆ ਹੇਠ ਵੀਰਵਾਰ ਯਾਨੀ ਕਿ ਅੱਜ ਸ਼ੁਰੂ ਹੋ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪ੍ਰੀਖਿਆ ਦੋ ਸ਼ਿਫਟਾਂ ’ਚ ਯਾਨੀ ਕਿ ਸਵੇਰੇ 8 ਵਜੇ ਤੋਂ 11.15 ਵਜੇ ਤਕ ਅਤੇ ਦੂਜੀ ਸ਼ਿਫਟ ਦੁਪਹਿਰ 2 ਵਜੇ ਤੋਂ ਸ਼ਾਮ 5.15 ਵਜੇ ਤੱਕ ਲਈਆਂ ਜਾਣਗੀਆਂ।
ਇਸ ਸਾਲ ਹਾਈ ਸਕੂਲ ਦੀ ਪ੍ਰੀਖਿਆ ’ਚ 27 ਲੱਖ 81 ਹਜ਼ਾਰ 654 ਅਤੇ 12ਵੀਂ ਜਮਾਤ ’ਚ 24 ਲੱਖ 11 ਹਜ਼ਾਰ 35 ਵਿਦਿਆਰਥੀ ਰਜਿਸਟਰਡ ਹੋਏ ਹਨ। ਇਸ ਤਰ੍ਹਾਂ ਕੁੱਲ ਮਿਲਾ ਕੇ 51 ਲੱਖ 90 ਹਜ਼ਾਰ ਤੋਂ ਵਧੇਰੇ ਵਿਦਿਆਰਥੀ ਇਸ ਸਾਲ ਪ੍ਰੀਖਿਆ ’ਚ ਸ਼ਾਮਲ ਹੋ ਰਹੇ ਹਨ। ਪ੍ਰੀਖਿਆਵਾਂ 12 ਅਪ੍ਰੈਲ ਤਕ ਚੱਲਣਗੀਆਂ। ਪ੍ਰੀਖਿਆ ਕੇਂਦਰਾਂ ’ਤੇ ਹਰ ਕਮਰੇ ’ਚ ਸੀ. ਸੀ. ਟੀ. ਵੀ. ਕੈਮਰਾ ਅਤੇ ਵਾਇਰਸ ਰਿਕਾਰਡਰ ਲਾਏ ਜਾਣ ਦੀ ਵਿਵਸਥਾ ਕੀਤੀ ਗਈ ਹੈ। ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ, ਜੋ ਕਿ ਰਾਜ ਦੇ ਮੁੱਖ ਦਫ਼ਤਰਾਂ ਦੇ ਸੰਪਰਕ ਵਿੱਚ ਰਹਿਣਗੇ।ਦੱਸ ਦੇਈਏ ਕਿ ਸਾਲ 2021 ’ਚ ਕੋਵਿਡ-19 ਕਾਰਨ ਬੋਰਡ ਪ੍ਰੀਖਿਆਵਾਂ ਨਹੀਂ ਕਰਵਾਈਆਂ ਗਈਆਂ ਸਨ, ਸਾਰੇ ਵਿਦਿਆਰਥੀਆਂ ਨੂੰ ਅਗਲੀ ਜਮਾਤ ’ਚ ਪ੍ਰਮੋਟ ਕਰ ਦਿੱਤਾ ਗਿਆ ਸੀ।
ਓਧਰ ਉੱਤਰ ਪ੍ਰਦੇਸ਼ ਦੇ ਕਾਰਜਵਾਹਕ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ। ਉਨ੍ਹਾਂ ਨੇ ਟਵੀਟ ਕੀਤਾ, ‘‘ਪਿਆਰੇ ਵਿਦਿਆਰਥੀਓ, ਯੂ. ਪੀ. ਬੋਰਡ ਦੀ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਸਾਰੇ ਵਿਦਿਆਰਥੀ ਪੂਰਨ ਇਕਾਗਰਤਾ ਨਾਲ ਬਿਨਾਂ ਕਿਸੇ ਤਣਾਅ ਦੇ ਪ੍ਰੀਖਿਆ ’ਚ ਸ਼ਾਮਲ ਹੋਣ। ਤੁਹਾਡੀ ਮਿਹਨਤ ਜ਼ਰੂਰ ਫਲ ਲਿਆਵੇਗੀ ਅਤੇ ਨਿਸ਼ਚਿਤ ਰੂਪ ਨਾਲ ਚੰਗੇ ਨਤੀਜੇ ਮਿਲਣਗੇ। ਮੇਰੀਆਂ ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹਨ।