ਯੂ. ਪੀ. ਵਿਧਾਨ ਸਭਾ ਚੋਣਾਂ ਦਾ ਪਹਿਲਾ ਪੜਾਅ: 15 ‘ਅਨਪੜ੍ਹ’, 125 ਉਮੀਦਵਾਰ 8ਵੀਂ ਤੱਕ ਹੀ ਪੜ੍ਹੇ
Saturday, Feb 05, 2022 - 01:26 PM (IST)
ਨੋਇਡਾ (ਭਾਸ਼ਾ)— ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਉਮੀਦਵਾਰਾਂ ’ਚੋਂ 125 ਉਮੀਦਵਾਰ 8ਵੀਂ ਜਮਾਤ ਤੱਕ ਹੀ ਪੜ੍ਹੇ ਹਨ, ਜਦਕਿ 15 ਨੇ ਖੁਦ ਨੂੰ ‘ਅਨਪੜ੍ਹ’ ਦੱਸਿਆ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ. ਡੀ. ਆਰ.) ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ। ਏ. ਡੀ. ਆਰ. ਇਹ ਵੀ ਕਿਹਾ ਕਿ ਚੋਣਾਂ ’ਚ 70 ਤੋਂ ਵੱਧ ਉਮੀਦਵਾਰਾਂ ਦੀ ਉਮਰ 60 ਸਾਲ ਤੋਂ ਵੱਧ ਹਨ। ਏ. ਡੀ. ਆਰ. ਨੇ ਕਿਹਾ ਕਿ ਉਸ ਨੇ ਉੱਤਰ ਪ੍ਰਦੇਸ਼ ਦੇ 11 ਜ਼ਿਲ੍ਹਿਆਂ ’ਚ 58 ਵਿਧਾਨ ਸਭਾ ਸੀਟਾਂ ’ਤੇ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ 615 ਉਮੀਦਵਾਰਾਂ ਦੇ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ।
ਕਈ ਉਮੀਦਵਾਰ ਅਨਪੜ੍ਹ ਤੇ ਕਈ 5ਵੀਂ ਤੇ 8ਵੀਂ ਤੱਕ ਹੀ ਪੜ੍ਹੇ-
ਪਹਿਲੇ ਪੜਾਅ ਤਹਿਤ ਇਨ੍ਹਾਂ ਵਿਧਾਨ ਸਭਾ ਖੇਤਰਾਂ ਵਿਚ ਚੋਣਾਂ 10 ਫਰਵਰੀ ਨੂੰ ਹੋਣੀਆਂ ਹਨ। ਏ. ਡੀ. ਆਰ. ਦੇ ਅੰਕੜਿਆਂ ਮੁਤਾਬਕ 15 ਉਮੀਦਵਾਰ ‘ਅਨਪੜ੍ਹ’ ਹਨ, 38 ‘ਪੜ੍ਹੇ-ਲਿਖੇ’ ਹਨ। 10 ਉਮੀਦਵਾਰਾਂ ਨੇ 5ਵੀਂ ਤੱਕ ਪੜ੍ਹਾਈ ਕੀਤੀ ਹੈ। 62 ਉਮੀਦਵਾਰ ਜਮਾਤ 8ਵੀਂ ਤੱਕ ਪੜ੍ਹੇ ਹਨ, 65 ਨੇ 10ਵੀਂ ਅਤੇ 102 ਨੇ ਜਮਾਤ 12ਵੀਂ ਤੱਕ ਪੜ੍ਹਾਈ ਕੀਤੀ ਹੈ। ਏ. ਡੀ. ਆਰ. ਨੇ ਕਿਹਾ ਕਿ 100 ‘ਗਰੈਜੂਏਟ’ ਉਮੀਦਵਾਰ ਹਨ, 78 ‘ਗਰੈਜੂਏਟ ਪ੍ਰੋਫੈਸ਼ਨਲ’, 108 ‘ਪੋਸਟ ਗਰੈਜੂਏਟ’, 18 ‘ਡਾਕਟਰੇਟ’ ਅਤੇ 7 ਉਮੀਦਵਾਰ ‘ਡਿਪਲੋਮਾ ਧਾਰਕ’ ਹਨ, ਜਦਕਿ 12 ਨੇ ਆਪਣੀ ਸਿੱਖਿਆ ਦਾ ਵੇਰਵਾ ਨਹੀਂ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ 239 ਉਮੀਦਵਾਰਾਂ ਯਾਨੀ ਕਿ 39 ਫ਼ੀਸਦੀ ਨੇ ਆਪਣੀ ਸਿੱਖਿਅਕ ਯੋਗਤਾ ਜਮਾਤ 5ਵੀਂ ਅਤੇ 12ਵੀਂ ਵਿਚਾਲੇ ਘੋਸ਼ਿਤ ਕੀਤੀ ਹੈ, ਜਦਕਿ 304 ਉਮੀਦਵਾਰਾਂ ਨੇ ਗਰੈਜੂਏਟ ਜਾਂ ਇਸ ਤੋਂ ਉੱਪਰ ਸਿੱਖਿਅਕ ਯੋਗਤਾ ਦੱਸੀ ਹੈ।
ਉਮੀਦਵਾਰਾਂ ਦੀ ਉਮਰ ਦਾ ਵੇਰਵਾ-
ਉਮਰ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ 214 ਉਮੀਦਵਾਰਾਂ ਨੇ ਆਪਣੀ ਉਮਰ 24 ਤੋਂ 40 ਸਾਲ ਦਰਮਿਆਨ ਦੱਸੀ ਹੈ ਅਤੇ 328 ਉਮੀਦਵਾਰਾਂ ਨੇ ਆਪਣੀ ਉਮਰ 41 ਤੋਂ 60 ਸਾਲ ਵਿਚਾਲੇ ਦੱਸਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ 73 ਉਮੀਦਵਾਰਾਂ ਨੇ ਆਪਣੀ ਉਮਰ 61 ਤੋਂ 80 ਸਾਲ ਵਿਚਾਲ ਦੱਸੀ ਹੈ। ਦੱਸ ਦੇਈਏ ਕਿ ਪਹਿਲੇ ਪੜਾਅ ਵਿਚ 58 ਵਿਧਾਨ ਸਭਾ ਖੇਤਰਾਂ ਵਿਚ ਆਗਰਾ, ਅਲੀਗੜ੍ਹ, ਬਾਗਪਤ, ਬੁਲੰਦਸ਼ਹਿਰ, ਗੌਤਮਬੁੱਧ ਨਗਰ, ਗਾਜ਼ੀਆਬਾਦ, ਹਾਪੁੜ, ਮਥੁਰਾ, ਮੁਜ਼ੱਫਰਨਗਰ ਅਤੇ ਸ਼ਾਮਲੀ ਜ਼ਿਲ੍ਹਿਆਂ ਵਿਚ ਵੋਟਾਂ ਪੈਣੀਆਂ ਹਨ। ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨ ਕੀਤੇ ਜਾਣਗੇ।