ਕੰਮ ਵਾਲੀਆਂ ਥਾਵਾਂ ’ਤੇ ਔਰਤਾਂ ਨਾਲ ਸੈਕਸ ਸ਼ੋਸ਼ਣ ਦੇ ਮਾਮਲੇ ’ਚ ਯੂ.ਪੀ. ਤੇ ਮਹਾਰਾਸ਼ਟਰ ਸਭ ਤੋਂ ਅੱਗੇ

Sunday, Dec 19, 2021 - 03:47 AM (IST)

ਨਵੀਂ ਦਿੱਲੀ - ਕੰਮ ਵਾਲੀਆਂ ਥਾਵਾਂ ’ਤੇ ਔਰਤਾਂ ਨਾਲ ਸੈਕਸ ਸ਼ੋਸ਼ਣ ਦੇ ਮਾਮਲੇ ਵਿਚ ਸਭ ਤੋਂ ਵੱਧ ਸ਼ਿਕਾਇਤਾਂ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਆਈਆਂ ਹਨ। ਕੇਂਦਰ ਸਰਕਾਰ ਨੇ ਔਰਤਾਂ ਨਾਲ ਸੈਕਸ ਸ਼ੋਸ਼ਣ (ਰੋਕਥਾਮ, ਮਨਾਹੀ ਅਤੇ ਨਿਵਾਰਨ) ਐਕਟ 2013 ਨੂੰ ਨੋਟੀਫਾਈ ਕੀਤਾ ਹੈ। ਇਸਦਾ ਮੰਤਵ ਕੰਮ ਵਾਲੀਆਂ ਥਾਵਾਂ ’ਤੇ ਔਰਤਾਂ ਨੂੰ ਸੈਕਸ ਸ਼ੋਸ਼ਣ ਵਿਰੁੱਧ ਸੁਰੱਖਿਆ ਪ੍ਰਦਾਨ ਕਰਨੀ ਅਤੇ ਇਸ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਹੈ। ਔਰਤਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨੇ ਐੱਸ. ਐੱਚ. ਈ. (ਸ਼ੀ) ਬਾਕਸ ਨਾਮੀ ਇਕ ਆਨਲਾਈਨ ਪੋਰਟਲ ਵਿਕਸਿਤ ਕੀਤਾ ਹੈ।

ਇਹ ਵੀ ਪੜ੍ਹੋ - ਕਰਨਾਟਕ ਦੇ ਦੋ ਇੰਸਟੀਚਿਊਟ 'ਚ ਕੋਰੋਨਾ ਦਾ ਧਮਾਕਾ, 33 ਮਾਮਲੇ ਆਏ ਸਾਹਮਣੇ, ਪੰਜ ਓਮੀਕਰੋਨ ਪਾਜ਼ੇਟਿਵ

ਇਕ ਵਾਰ ‘ਸ਼ੀ-ਬਾਕਸ’ ਵਿਚ ਸ਼ਿਕਾਇਤ ਦਰਜ ਹੋਣ ਪਿੱਛੋਂ ਸਬੰਧਤ ਸ਼ਿਕਾਇਤ ਸਿੱਧੀ ਅਧਿਕਾਰੀਆਂ ਕੋਲ ਕਾਰਵਾਈ ਲਈ ਪਹੁੰਚਦੀ ਹੈ। ਅਜਿਹੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਦੇ ਨਾਲ-ਨਾਲ ਸ਼ੀ-ਬਾਕਸ ’ਤੇ ਉਸ ਸਬੰਧੀ ਸਥਿਤੀ ਦਾ ਅਧਿਐਨ ਕਰਨ ਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀ ਦੀ ਹੋਵੇਗੀ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਦੱਸਿਆ ਕਿ ਹੁਣ ਤੱਕ ਆਂਧਰਾ ਪ੍ਰਦੇਸ਼ ਤੋਂ 23 ਸ਼ਿਕਾਇਤਾਂ ਮਿਲੀਆਂ ਹਨ। ਅਰੁਣਾਚਲ ਤੋਂ 2, ਆਸਾਮ ਤੋਂ 4, ਬਿਹਾਰ ਤੋਂ 22, ਚੰਡੀਗੜ੍ਹ ਤੋਂ 4, ਛੱਤੀਸਗੜ੍ਹ ਤੋਂ 10, ਦਿੱਲੀ ਤੋਂ 62, ਗੋਆ ਤੋਂ ਇਕ, ਗੁਜਰਾਤ ਤੋਂ 30, ਹਰਿਆਣਾ ਤੋਂ 50, ਹਿਮਾਚਲ ਤੋਂ 5, ਜੰਮੂ-ਕਸ਼ਮੀਰ ਤੋਂ 8, ਝਾਰਖੰਡ ਤੋਂ 3 ਅਤੇ ਕਰਨਾਟਕ ਤੋਂ 56 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚੋਂ ਕੁਝ ਮਾਮਲੇ ਨਿਪਟਾਰੇ ਜਾ ਚੁੱਕੇ ਹਨ।

ਕੇਰਲ ਤੋਂ 13, ਮੱਧ ਪ੍ਰਦੇਸ਼ ਤੋਂ 38, ਮਹਾਰਾਸ਼ਟਰ ਤੋਂ ਸਭ ਤੋਂ ਵੱਧ 102, ਮੇਘਾਲਿਆ ਤੋਂ 1, ਓਡਿਸ਼ਾ ਤੋਂ 5, ਪੁੱਡੂਚੇਰੀ ਤੋਂ 4, ਪੰਜਾਬ ਤੋਂ 15, ਰਾਜਸਥਾਨ ਤੋਂ 40, ਤਾਮਿਲਨਾਡੂ ਤੋਂ 67, ਤੇਲੰਗਾਨਾ ਤੋਂ 24, ਉੱਤਰ ਪ੍ਰਦੇਸ਼ ਤੋਂ 92, ਉੱਤਰਾਖੰਡ ਤੋਂ 7 ਅਤੇ ਪੱਛਮੀ ਬੰਗਾਲ ਤੋਂ 19 ਮਾਮਲੇ ਸਾਹਮਣੇ ਆਏ। ਪੰਜਾਬ ਵਿਚ 5 ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News