ਯੂਪੀ: ਵਿਵਾਦ ਤੋਂ ਬਾਅਦ ਮੋਬਾਇਲ ''ਤੇ ਬੈਨ ਦਾ ਫੈਸਲਾ ਵਾਪਸ

05/25/2020 1:54:03 AM

ਲਖਨਊ(ਏਜੰਸੀ): ਵਿਰੋਧੀ ਧਿਰ ਦੀ ਨਿੰਦਾ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ 22 ਮਈ ਦੇ ਆਪਣੇ ਉਸ ਹੁਕਮ ਨੂੰ ਵਾਪਸ ਲੈ ਲਿਆ ਹੈ ਜਿਸ ਵਿਚ ਸੂਬੇ ਦੇ ਦੂਜੇ ਤੇ ਤੀਜੇ ਪੱਧਰ ਦੇ ਕੋਵਿਡ ਹਸਪਤਾਲਾਂ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਮਰੀਜ਼ਾਂ ਦੇ ਮੋਬਾਇਲ ਫੋਨ ਵਰਤੋਂ 'ਤੇ ਪਾਬੰਦੀ ਲਗਾਈ ਸੀ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਮੈਡੀਕਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਕੇ.ਕੇ. ਗੁਪਤਾ ਨੇ ਸਾਰੀਆਂ ਮੈਡੀਕਲ ਯੂਨੀਵਰਸਿਟੀਆਂ, ਮੈਡੀਕਲ ਸੰਸਥਾਨਾਂ ਤੇ ਸਾਰੇ ਸਰਕਾਰੀ ਤੇ ਨਿੱਜੀ ਮੈਡੀਕਲ ਕਾਲਜਾਂ ਦੇ ਮੁਖੀਆਂ ਨੂੰ ਹੁਕਮ ਜਾਰੀ ਕਰਦੇ ਹੋਏ ਕਿਹਾ ਸੀ ਕਿ ਮੋਬਾਇਲ ਨਾਲ ਇਨਫੈਕਸ਼ਨ ਫੈਲਦਾ ਹੈ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤਾ ਸੀ ਕਿ ਕੋਵਿਡ ਹਸਪਤਾਲਾਂ ਦੇ ਇੰਚਾਰਜ ਨੂੰ ਦੋ ਮੋਬਾਇਲ ਫੋਨ ਉਪਲੱਬਧ ਕਰਵਾਏ ਜਾਣ ਤਾਂ ਕਿ ਦਾਖਲ ਮਰੀਜ਼ ਆਪਣੇ ਪਰਿਵਾਰ ਵਾਲਿਆਂ ਨਾਲ ਤੇ ਪਰਿਵਾਰ ਵਾਲੇ ਮਰੀਜ਼ ਨਾਲ ਗੱਲ ਕਰ ਸਕਣ। ਸਰਕਾਰ ਦੇ ਇਸ ਫੈਸਲੇ 'ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਪਾ ਨੇਤਾ ਅਖਿਲੇਸ਼ ਯਾਦਵ ਨੇ ਇਹ ਕਹਿੰਦੇ ਹੋਏ ਸਵਾਲ ਚੁੱਕਿਆ ਸੀ ਕਿ ਇਹ ਪਾਬੰਦੀਆਂ ਇਸ ਲਈ ਹਨ ਤਾਂਕਿ ਹਸਪਤਾਲਾਂ ਦੀ ਦੁਰਦਸ਼ਾ ਦਾ ਸੱਚ ਜਨਤਾ ਤੱਕ ਨਾ ਪਹੁੰਚੇ। ਅਖਿਲੇਸ਼ ਯਾਦਵ ਨੇ ਕਿਹਾ ਸੀ ਕਿ ਜੇਕਰ ਮੋਬਾਇਲ ਨਾਲ ਇਨਫੈਕਸ਼ਨ ਫੈਲਦਾ ਹੈ ਤਾਂ ਆਈਸੋਲੇਸ਼ਨ ਵਾਰਡ ਦੇ ਨਾਲ ਪੂਰੇ ਦੇਸ਼ ਵਿਚ ਇਸ ਨੂੰ ਪਾਬੰਦੀਸ਼ੁਦਾ ਕਰ ਦੇਣਾ ਚਾਹੀਦਾ। ਮੋਬਾਇਲ ਹੀ ਤਾਂ ਇਕੱਲੇਪਣ ਵਿਚ ਮਾਨਸਿਕ ਸਹਾਰਾ ਬਣਦਾ ਹੈ। ਹਸਪਤਾਲਾਂ ਦੀ ਦੁਰਵਿਵਸਥਾ ਤੇ ਦੁਰਦਸ਼ਾ ਦਾ ਸੱਚ ਜਨਤਾ ਤੱਕ ਨਾ ਪਹੁੰਚੇ, ਇਸ ਲਈ ਇਹ ਪਾਬੰਦੀ ਲਾਈ ਗਈ ਹੈ। ਲੋੜ ਮੋਬਾਇਲ ਦੀ ਪਾਬੰਦੀ ਦੀ ਨਹੀਂ ਬਲਕਿ ਹਸਪਤਾਲਾਂ ਨੂੰ ਇਨਫੈਕਸ਼ਨ ਮੁਕਤ ਕਰਨ ਦੀ ਹੈ। ਵਿਵਾਦ ਵਧਣ ਤੋਂ ਬਾਅਦ ਡਾਕਟਰ ਗੁਪਤਾ ਨੇ ਐਤਵਾਰ ਨੂੰ ਕਿਹਾ ਕਿ ਆਈਸੋਲੇਸ਼ਨ ਵਾਰਡ ਵਿਚ ਮਰੀਜ਼ਾਂ ਨੂੰ ਮੋਬਾਇਲ ਫੋਨ ਦੀ ਵਰਤੋਂ ਦੀ ਮਨਜ਼ੂਰੀ ਹੋਵੇਗੀ ਪਰ ਸ਼ਰਤਾਂ ਦੇ ਨਾਲ। ਆਈਸੋਲੇਸ਼ਨ ਵਾਰਡ ਵਿਚ ਦਾਖਲ ਹੋਣ ਤੋਂ ਪਹਿਲਾਂ ਮਰੀਜ਼ ਨੂੰ ਇਸ ਗੱਲ ਦਾ ਖੁਲਾਸਾ ਕਰਨਾ ਪਵੇਗਾ ਕਿ ਉਸ ਕੋਲ ਫੋਨ ਅਤੇ ਚਾਰਜਰ ਹੈ, ਜਿਸ ਤੋਂ ਬਾਅਦ ਇਨ੍ਹਾਂ ਗੈਜੇਟਸ ਨੂੰ ਇਨਫੈਕਸ਼ਨ ਮੁਕਤ ਕੀਤਾ ਜਾਵੇਗਾ। ਇਹੀ ਪ੍ਰਕਿਰਿਆ ਮਰੀਜ਼ ਨੂੰ ਛੁੱਟੀ ਦਿੰਦੇ ਹੋਏ ਅਪਣਾਈ ਜਾਵੇਗੀ। ਇਸ ਦੇ ਨਾਲ ਹੀ ਮਰੀਜ਼ਾਂ ਨੂੰ ਉਨ੍ਹਾਂ ਦਾ ਮੋਬਾਇਲ ਫੋਨ ਕਿਸੇ ਹੋਰ ਮਰੀਜ਼ ਜਾਂ ਸਿਹਤ ਮੁਲਾਜ਼ਮ ਨਾਲ ਸਾਂਝਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਦੱਸ ਦਈਏ ਕਿ ਪਿਛਲੇ ਹਫਤੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲੇ ਵਿਚ ਇਕ ਨਿਊਜ਼ ਪੋਰਟਲ ਦੇ ਪੱਤਰਕਾਰ 'ਤੇ ਕਵਾਰੰਟੀਨ ਸੈਂਟਰ ਦੀ ਬਦਹਾਲੀ ਦਿਖਾਉਣ 'ਤੇ ਐਫ.ਆਈ.ਆਰ ਦਰਜ ਕੀਤੀ ਗਈ ਸੀ।
 


Gurdeep Singh

Content Editor

Related News