ਇਸ ਸਾਲ ਅਮਰਨਾਥ ਯਾਤਰਾ ਨੂੰ ਅੱਤਵਾਦੀਆਂ ਤੋਂ ਜ਼ਿਆਦਾ ਖ਼ਤਰਾ: ਫੌਜ

06/25/2022 4:07:28 PM

ਸ਼੍ਰੀਨਗਰ– ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਕੁਝ ਦਿਨਾਂ ਬਾਅਦ ਅਮਰਨਾਥ ਯਾਤਰਾ ਸ਼ੁਰੂ ਹੋਣ ਵਾਲੀ ਹੈ। ਫੌਜ ਨੇ ਸ਼ਨੀਵਾਰ ਨੂੰ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਾਲਾਨਾ ਤੀਰਥ ਯਾਤਰਾ ਲਈ ਜ਼ਿਆਦਾ ਖ਼ਤਰਾ ਹੈ। ਜ਼ਿਕਰਯੋਗ ਹੈ ਕਿ 43 ਦਿਨਾ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਫੌਜ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਤੀਰਥ ਯਾਤਰਾ ਲਈ ਇਸ ਸਮੇਂ ਹੋਰ ਜ਼ਿਆਦਾ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਕੀਤੀ ਗਈ ਹੈ। 

ਅਧਿਕਾਰੀ ਨੇ ਕਿਹਾ ਕਿ ਇਸ ਸਾਲ ਖ਼ਤਰੇ ਦਾ ਖ਼ਦਸ਼ਾ ਵਧ ਗਿਆ ਹੈ। ਸਾਨੂੰ ਆਮਤੌਰ ’ਤੇ ਹਰ ਸਾਲ ਸਾਲਾਨਾ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀਆਂ ਬਾਰੇ ਇਨਪੁਟ ਮਿਲਦੇ ਹਨ ਪਰ ਇਸ ਸਾਲ ਇਸ ਤਰ੍ਹਾਂ ਦੇ ਜ਼ਿਆਦਾ ਇਨਪੁਟ ਮਿਲ ਰਹੇ ਹਨ। ਇਸ ਸਾਲ ਖ਼ਤਰੇ ਦਾ ਖ਼ਦਸ਼ਾ ਵਧ ਗਿਆ ਹੈ। 

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਦੋ ਸਾਲਾਂ ਦੇ ਲੰਬੇ ਸਮੇਂ ਬਾਅਦ ਇਸ ਵਾਰ ਅਮਰਨਾਥ ਯਾਤਰਾ ਦਾ ਆਯੋਜਨ ਹੋ ਰਿਹਾ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਪਹਿਲਾਂ ਦੇ ਮੁਕਾਬਲੇ ਇਸ ਸਾਲ ਤੀਰਥ ਯਾਤਰੀਆਂ ਦੀ ਗਿਣਤੀ ’ਚ ਜ਼ਿਆਦਾ ਵਾਧਾ ਹੋਵੇਗਾ ਅਤੇ ਇਸ ਸਾਲ ਯਾਤਰਾ ’ਚ ਕਰੀਬ 6 ਤੋਂ 8 ਲੱਖ ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਅਧਿਕਾਰੀ ਨੇ ਹਾਲਾਂਕਿ ਜ਼ੋਰ ਦੇ ਕੇ ਕਿਹਾ ਕਿ ਉਹ ਇਹ ਨਹੀਂ ਕਹਿ ਰਹੇ ਕਿ ਉਨ੍ਹਾਂ ਨੇ ਸੁਰੱਖਿਆ ਦੇ 100 ਫੀਸਦੀ ਫੁਲਫਰੂਫ ਇੰਤਜ਼ਾਮ ਕੀਤੇ ਹਨ। ਜੰਮੂ ਤੋਂ ਬਰਫਾਨੀ ਬਾਬਾ ਦੀ ਗੁਫਾ ਤਕ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਵਿੱਚ ਪੁਰਸ਼ਾਂ ਤੋਂ ਇਲਾਵਾ ਸੁਰੱਖਿਆ ਡਰੋਨ, ਸੀਸੀਟੀਵੀ ਕੈਮਰੇ ਅਤੇ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਟੈਗ ਹੋਣਗੇ। ਜ਼ਿਕਰਯੋਗ ਹੈ ਕਿ ਇਸ ਮਹੀਨੇ ਪੂਰੇ ਕਸ਼ਮੀਰ 'ਚ 29 ਅੱਤਵਾਦੀਆਂ ਦਾ ਖਾਤਮਾ ਕੀਤਾ ਗਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ 'ਚੋਂ ਦੋ ਅੱਤਵਾਦੀ ਸਾਲਾਨਾ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਇਕ ਸ਼ੱਕੀ ਅੱਤਵਾਦੀ ਸੰਗਠਨ ਨੇ ਕਥਿਤ ਤੌਰ ’ਤੇ ਇਸ ਯਾਤਰਾ ’ਚ ਹਮਲੇ ਦੀ ਧਮਕੀ ਦਿੱਤੀ ਹੈ।


Rakesh

Content Editor

Related News