ਅਨਲਾਕ-4 ਦੇ ਦਿਸ਼ਾ-ਨਿਰਦੇਸ਼ ਜਾਰੀ, 7 ਸਤੰਬਰ ਤੋਂ ਮੈਟਰੋ ਚਲਾਉਣ ਦੀ ਮਨਜ਼ੂਰੀ

Saturday, Aug 29, 2020 - 08:05 PM (IST)

ਨਵੀਂ ਦਿੱਲੀ - ਦੇਸ਼ 'ਚ ਹੁਣ 1 ਸਤੰਬਰ ਤੋਂ ਅਨਲਾਕ-4 ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੇ ਲਈ ਕੇਂਦਰ ਸਰਕਾਰ ਨੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸਰਕਾਰ ਨੇ ਸ਼ਰਤਾਂ ਨਾਲ 7 ਸਤੰਬਰ ਤੋਂ ਮੈਟਰੋ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਉਥੇ ਹੀ, 21 ਸਤੰਬਰ ਤੋਂ ਧਾਰਮਿਕ ਆਯੋਜਨਾਂ 'ਚ 100 ਲੋਕਾਂ ਦੇ ਸ਼ਾਮਲ ਹੋਣ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਹੈ।

ਉਥੇ ਹੀ 30 ਸਤੰਬਰ ਤੱਕ ਸਾਰੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਆਨਲਾਈਨ ਟੀਚਿੰਗ ਲਈ ਸਕੂਲਾਂ 'ਚ 50 ਫੀਸਦੀ ਅਧਿਆਪਕ ਆ ਸਕਦੇ ਹਨ। ਉਥੇ ਹੀ, ਕੰਟਨੇਮੈਂਟ ਜ਼ੋਨ ਤੋਂ ਬਾਹਰ 9 ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਆਪਣੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਅਧਿਆਪਕਾਂ ਨੂੰ ਮਿਲਣ ਸਕੂਲ ਜਾ ਸਕਣਗੇ।

ਗ੍ਰਹਿ ਮੰਤਰਾਲਾ ਵਲੋਂ ਜਾਰੀ ਦਿਸ਼ਾ-ਨਿਰਦੇਸ਼ ਮੁਤਾਬਕ, 21 ਸਤੰਬਰ ਤੋਂ ਸਾਮਾਜਿਕ, ਰਾਜਨੀਤਕ, ਮਨੋਰੰਜਨ, ਖੇਡ ਆਦਿ ਨਾਲ ਜੁੜੇ ਸਮਾਗਮਾਂ ਨੂੰ ਮਨਜ਼ੂਰੀ ਹੋਵੇਗੀ ਪਰ ਇੱਕ ਛੱਤ ਦੇ ਹੇਠਾਂ ਵੱਧ ਤੋਂ ਵੱਧ 100 ਲੋਕ ਮੌਜੂਦ ਰਹਿ ਸਕਣਗੇ। ਸਿਨੇਮਾ ਹਾਲ, ਸਵਿਮਿੰਗ ਪੁੱਲ, ਅੰਤਰਰਾਸ਼ਟਰੀ ਉਡਾਣਾਂ (ਕੁੱਝ ਵਿਸ਼ੇਸ਼ ਮਾਮਲਿਆਂ ਨੂੰ ਛੱਡ ਕੇ) ਅਜੇ ਵੀ ਬੰਦ ਰਹਿਣਗੇ। ਅਜਿਹੇ ਸਮਾਗਮਾਂ 'ਚ ਲਾਜ਼ਮੀ ਤੌਰ 'ਤੇ ਫੇਸ ਮਾਸਕ, ਸੋਸ਼ਲ ਡਿਸਟੈਂਸਿੰਗ, ਥਰਮਲ ਸਕੈਨਿੰਗ, ਸੈਨੇਟਾਇਜ਼ਰ ਅਤੇ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ।

ਹੁਣ ਕੋਈ ਵੀ ਸੂਬਾ ਗ੍ਰਹਿ ਮੰਤਰਾਲਾ ਦੀ ਮਨਜ਼ੂਰੀ ਤੋਂ ਬਿਨਾਂ ਲਾਕਡਾਊਨ ਨਹੀਂ ਲਗਾ ਸਕਦਾ। ਇਸ ਦੇ ਲਈ ਉਸ ਨੂੰ ਪਹਿਲਾਂ ਗ੍ਰਹਿ ਮੰਤਰਾਲਾ ਤੋਂ ਮਨਜ਼ੂਰੀ ਲੈਣੀ ਪਵੇਗੀ।


Inder Prajapati

Content Editor

Related News