ਸਮ੍ਰਿਤੀ ਦਾ ਸੰਸਦ ’ਚ ਬਿਆਨ- ਕੋਵਿਡ ਕਾਰਨ 4 ਹਜ਼ਾਰ ਤੋਂ ਵਧੇਰੇ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਗੁਆਇਆ

Wednesday, Aug 03, 2022 - 06:05 PM (IST)

ਸਮ੍ਰਿਤੀ ਦਾ ਸੰਸਦ ’ਚ ਬਿਆਨ- ਕੋਵਿਡ ਕਾਰਨ 4 ਹਜ਼ਾਰ ਤੋਂ ਵਧੇਰੇ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਗੁਆਇਆ

ਨਵੀਂ ਦਿੱਲੀ– ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੰਸਦ ਨੂੰ ਦੱਸਿਆ ਕਿ ਕੋਵਿਡ-19 ਮਹਾਮਾਰੀ ਕਾਰਨ 4,345 ਬੱਚਿਆਂ ਨੇ ਆਪਣੇ ਮਾਪਿਆਂ ਨੂੰ ਗੁਆਇਆ। ਸਰਕਾਰ ਮੁਤਾਬਕ ਇਸ ਮਾਮਲੇ ’ਚ ਹੋਰ ਸੂਬਿਆਂ ਦੇ ਮੁਕਾਬਲੇ ਮਹਾਰਾਸ਼ਟਰ ਸਭ ਤੋਂ ਅੱਗੇ ਰਿਹਾ, ਜਿੱਥੇ ਅਜਿਹੇ ਬੱਚਿਆਂ ਦੀ ਗਿਣਤੀ 790 ਹੈ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਰਾਜ ਸਭਾ ਨੂੰ ਇਕ ਸਵਾਲ ਦੇ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿੱਤੀ। 

ਦਰਅਸਲ ਕੋਵਿਡ-19 ਵਾਇਰਸ ਕਾਰਨ ਆਪਣੇ ਮਾਤਾ-ਪਿਤਾ ਨੂੰ ਗੁਆਉਣ ਵਾਲੇ ਬੱਚਿਆਂ ਦੀ ਗਿਣਤੀ ਬਾਰੇ ਪੁੱਛੇ ਗਏ ਪ੍ਰਸ਼ਨ ’ਤੇ ਈਰਾਨੀ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅੰਕੜੇ ਪੇਸ਼ ਕਰਦੇ ਹੋਏ ਦੱਸਿਆ ਕਿ ਅਜਿਹੇ ਬੱਚਿਆਂ ਦੀ ਕੁੱਲ ਗਿਣਤੀ 4,345 ਹੈ। ਉਨ੍ਹਾਂ ਮੁਤਾਬਕ ਮਹਾਰਾਸ਼ਟਰ ’ਚ 790, ਉੱਤਰ ਪ੍ਰਦੇਸ਼ ’ਚ 441, ਮੱਧ ਪ੍ਰਦੇਸ਼ ’ਚ 428, ਤਾਮਿਲਨਾਡੂ ’ਚ 394 ਅਤੇ ਆਂਧਰਾ ਪ੍ਰਦੇਸ਼ ’ਚ 351 ਬੱਚਿਆਂ ਨੇ ਆਪਣੇ ਮਾਤਾ-ਪਿਤਾ ਨੂੰ ਕੋਰੋਨਾ ਦੀ ਵਜ੍ਹਾ ਕਰ ਕੇ ਗੁਆਇਆ।

ਕੇਂਦਰੀ ਮੰਤਰੀ ਵਲੋਂ ਪੇਸ਼ ਅੰਕੜਿਆਂ ਮੁਤਾਬਕ ਤ੍ਰਿਪੁਰਾ, ਸਿੱਕਮ, ਲਕਸ਼ਦੀਪ, ਲੱਦਾਖ ਅਤੇ ਅੰਡਮਾਨ ਅਤੇ ਨਿਕੋਬਾਰ ਟਾਪੂ ਸਮੂਹ ’ਚ ਇਕ ਵੀ ਅਜਿਹਾ ਬੱਚਾ ਨਹੀਂ ਹੈ, ਜਿਸ ਨੇ ਕੋਵਿਡ-19 ਕਾਰਨ ਆਪਣੇ ਮਾਤਾ-ਪਿਤਾ ਨੂੰ ਗੁਆਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਮਹਾਮਾਰੀ ਕਾਰਨ ਮਾਤਾ-ਪਿਤਾ ਗੁਆ ਚੁੱਕੇ ਬੱਚਿਆਂ ਦਾ ਸਹਿਯੋਗ ਕਰਨ ਲਈ ‘ਪੀ. ਐੱਮ. ਕੇਅਰਸ ਫਾਰ ਚਿਲਡਰਨ’ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦਾ ਉਦੇਸ਼ ਬੱਚਿਆਂ ਦੀ ਵਿਆਪਕ ਦੇਖਭਾਲ ਅਤੇ ਸੁਰੱਖਿਆ ਯਕੀਨੀ ਕਰਨਾ ਅਤੇ ਸਿਹਤ ਬੀਮਾ ਜ਼ਰੀਏ ਉਨ੍ਹਾਂ ਦਾ ਕਲਿਆਣ ਕਰਨਾ, ਸਿੱਖਿਆ ਦੇ ਜ਼ਰੀਏ ਉਨ੍ਹਾਂ ਨੂੰ ਮਜ਼ਬੂਤ ਬਣਾਉਣਾ ਅਤੇ ਉਨ੍ਹਾਂ ਨੂੰ 23 ਸਾਲ ਦੀ ਉਮਰ ਤੱਕ ਵਿੱਤੀ ਸਹਾਇਤਾ ਜ਼ਰੀਏ ਆਤਮਨਿਰਭਰ ਬਣਾਉਣਾ ਹੈ।


author

Tanu

Content Editor

Related News