ਦੇਸ਼ ’ਚ ਛੇਤੀ ਸ਼ੁਰੂ ਹੋ ਸਕਦੇ ਹਨ ਈਥੇਨਾਲ ਨਾਲ ਚੱਲਣ ਵਾਲੇ ਵਾਹਨ, ਨਿਤਿਨ ਗਡਕਰੀ ਨੇ ਤਿਆਰ ਕੀਤਾ ਮਾਸਟਰ ਪਲਾਨ
Sunday, Jun 05, 2022 - 10:50 AM (IST)

ਪੁਣੇ (ਮਹਾਰਾਸ਼ਟਰ)– ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੇਸ਼ ’ਚ ਮਹਿੰਗੇ ਪੈਟਰੋਲ-ਡੀਜ਼ਲ ’ਤੇ ਨਿਰਭਰਤਾ ਘੱਟ ਕਰਨ ਲਈ ਲਗਾਤਾਰ ਬਦਲ ਈਂਧਨ ਨੂੰ ਅਪਣਾਉਣ ’ਤੇ ਜ਼ੋਰ ਦੇ ਰਹੇ ਹਨ। ਹੁਣ ਹਾਲ ਹੀ ’ਚ ਕੇਂਦਰੀ ਮੰਤਰੀ ਨੇ ਅਜਿਹੇ ਸੰਕੇਤ ਦਿੱਤੇ ਹਨ ਕਿ ਦੇਸ਼ ’ਚ ਛੇਤੀ ਈਥੇਨਾਲ ਨਾਲ ਚੱਲਣ ਵਾਲੇ ਵਾਹਨ ਸ਼ੁਰੂ ਹੋ ਸਕਦੇ ਹਨ। ਇਸ ਲਈ ਉਹ ਸਰਕਾਰ ਅਤੇ ਕੰਪਨੀਆਂ ਦੇ ਪੱਧਰ ’ਤੇ ਗੱਲਬਾਤ ਨੂੰ ਅੱਗੇ ਵਧਾ ਰਹੇ ਹਨ।
ਕੇਂਦਰੀ ਮੰਤਰੀ ਨੇ ਪੁਣੇ ’ਚ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਬਜਾਜ ਟੀ. ਵੀ. ਐੱਸ. ਅਤੇ ਹੀਰੋ ਵਰਗੀਆਂ ਕੰਪਨੀਆਂ ਫਲੈਕਸ ਫਿਊਲ ਨਾਲ ਚੱਲਣ ਵਾਲੇ ਮੋਟਰਸਾਈਕਲ ਅਤੇ ਆਟੋ ਲਿਆਏ ਸਨ। ਮੈਂ ਪੀ. ਐੱਮ. ਦੇ ਪਿੱਛੇ ਗਿਆ ਅਤੇ ਪੁਣੇ ’ਚ ਇੰਡੀਅਨ ਆਇਲ ਦੇ 3 ਈਥੇਾਲ ਪੰਪ ਮਿਲੇ, ਪਰ ਹਾਲੇ ਤੱਕ ਇਸ ਦੀ ਇੰਕ ਵੀ ਬੂੰਦ ਨਹੀਂ ਵਿਕੀ, ਇਸ ਲਈ ਮੈਂ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਹਾਨੂੰ ਇਸ ਲਈ ਅੱਗੇ ਆਉਣਾ ਚਾਹੀਦਾ ਹੈ। ਪੁਣੇ ’ਚ 100 ਫੀਸਦੀ ਈਥੇਨਾਲ ’ਤੇ ਸਕੂਟਰ-ਆਟੋ ਸ਼ੁਰੂ ਕਰਨ ਲਈ ਅਸੀਂ ਬਜਾਜ ਨਾਲ ਗੱਲ ਕਰਾਂਗੇ। ਇਸ ਨਾਲ ਪ੍ਰਦੂਸ਼ਣ ਵੀ ਘੱਟ ਹੋਵੇਗਾ।
ਪੈਟਰੋਲ ’ਚ ਈਥੇਨਾਲ ਦੀ ਮਾਤਰਾ ਵਧੇਗੀ
ਹਾਲ ਹੀ ’ਚ ਕੇਂਦਰੀ ਕੈਬਨਿਟ ਨੇ ਪੈਟਰੋਲ ’ਚ ਈਥੇਨਾਲ ਦੇ 20 ਫੀਸਦੀ ਮਿਲਾਵਟ ਦੇ ਟੀਚੇ ਨੂੰ 2025-26 ਤੱਕ ਪੂਰਾ ਕਰਨ ਨੂੰ ਹਰੀ ਝੰਡੀ ਦਿਖਾਈ ਹੈ। ਇਸ ਤੋਂ ਪਹਿਲਾਂ ਇਹ ਟੀਚਾ 2030 ਤੱਕ ਲਈ ਤੈਅ ਕੀਤਾ ਗਿਆ ਸੀ। ਫਿਲਹਾਲ ਪੈਟਰੋਲ ’ਚ ਕਰੀਬ 10 ਫੀਸਦੀ ਈਥੇਨਾਲ ਮਿਲਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਹੋਈ ਕੈਬਨਿਟ ਦੀ ਬੈਠਕ ’ਚ ਜੈਵ-ਈਂਧਨ (ਬਾਇਓਫਿਊਲ) ’ਤੇ ਨੈਸ਼ਨਲ ਪਾਲਿਸੀ ’ਚ ਸੋਧ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਦੇ ਤਹਿਤ ਈਥੇਨਾਲ ਦਾ ਪ੍ਰੋਡਕਸ਼ਨ ਵਧੇਗਾ। ਨਾਲ ਹੀ ਪ੍ਰੋਡਕਸ਼ਨ ਵਧਾਉਣ ਲਈ ਕਈ ਹੋਰ ਫੈਸਲਿਆਂ ਦੇ ਇਸਤੇਮਾਲ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ।
ਖੇਤੀਬਾੜੀ ਅਤੇ ਨਿਰਮਾਣ ਖੇਤਰ ਦੇ ਉਪਕਰਨਾਂ ’ਚ ਈਥੇਨਾਲ ਦੀ ਵਰਤੋਂ ਸ਼ੁਰੂ ਕਰਨ ਦਾ ਯਤਨ
ਗਡਕਰੀ ਨੇ ਈਥੇਨਾਲ ਵਰਗੇ ਬਦਲ ਈਂਧਨਾਂ ਦੀ ਵਰਤੋਂ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਅਤੇ ਨਿਰਮਾਣ ਖੇਤਰ ਦੇ ਉਪਕਰਨਾਂ ’ਚ ਈਥੇਨਾਲ ਦੀ ਵਰਤੋਂ ਸ਼ੁਰੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਊਰਜਾ ਅਤੇ ਬਿਜਲੀ ਦੇ ਖੇਤਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਦੇਸ਼ ਹਰ ਸਾਲ 10 ਲੱਖ ਕਰੋੜ ਰੁਪਏ ਮੁੱਲ ਦੇ ਪੈਟਰੋਲੀਅਮ ਉਤਪਾਦਾਂ ਦੀ ਇੰਪੋਰਟ ਕਰਦਾ ਹੈ ਅਤੇ ਅਗਲੇ 5 ਸਾਲਾਂ ’ਚ ਮੰਗ ਵਧ ਕੇ 25 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜਿਸ ਨਾਲ ਅਰਥਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ। ਗਡਕਰੀ ਪੁਣੇ ਦੇ ਵਸੰਤਦਾਦਾ ਖੰਡ ਸੰਸਥਾਨ ਵਲੋਂ ਸੂਬਾ ਪੱਧਰ ’ਤੇ ਆਯੋਜਿਤ ਖੰਡ ਸੰਮੇਲਨ-2022 ਨੂੰ ਸੰਬੋਧਨ ਕਰ ਰਹੇ ਸਨ।