ਭਾਰਤ ਤੇ ਮਾਰੀਸ਼ਸ ਵਿਚਾਲੇ ਊਰਜਾ ਖੇਤਰ ''ਚ ਇਤਿਹਾਸਕ ਸਮਝੌਤਾ
Friday, Aug 21, 2026 - 01:45 PM (IST)
ਪੋਰਟ ਲੂਈਸ (ਏਜੰਸੀ): ਭਾਰਤ ਅਤੇ ਮਾਰੀਸ਼ਸ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਵੀਰਵਾਰ ਨੂੰ ਤੇਲ ਅਤੇ ਗੈਸ ਖੇਤਰ ਵਿੱਚ ਸਹਿਯੋਗ ਲਈ ਇੱਕ ਮਹੱਤਵਪੂਰਨ ਸਮਝੌਤੇ (MoU) 'ਤੇ ਹਸਤਾਖਰ ਕੀਤੇ। ਇਸ ਦੇ ਨਾਲ ਹੀ ਇੰਡੀਅਨ ਆਇਲ ਅਤੇ ਮਾਰੀਸ਼ਸ ਦੇ ਸਟੇਟ ਟ੍ਰੇਡਿੰਗ ਕਾਰਪੋਰੇਸ਼ਨ (STC) ਵਿਚਕਾਰ ਅਗਲੇ 5 ਸਾਲਾ ਲਈ ਪੋਰਟ ਲੂਈਸ ਨੂੰ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਇੱਕ ਸਮਝੌਤਾ ਵੀ ਹੋਇਆ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਮਾਰੀਸ਼ਸ ਦੇ ਵਣਜ ਅਤੇ ਖਪਤਕਾਰ ਸੁਰੱਖਿਆ ਮੰਤਰੀ ਜੌਨ ਮਾਈਕਲ ਤਜ਼ੌਨ ਸਾਓ ਯੇਂਗ ਸਿਕ ਯੂਏਨ ਨਾਲ ਇਸ ਸਮਝੌਤੇ 'ਤੇ ਹਸਤਾਖਰ ਕੀਤੇ।
ਪੰਜ-ਸਾਲਾ ਸਮਝੌਤੇ ਦੇ ਤਹਿਤ, ਇੰਡੀਅਨ ਆਇਲ ਮਾਰੀਸ਼ਸ ਨੂੰ ਪੈਟਰੋਲ, ਡੀਜ਼ਲ, ਮਰੀਨ ਗੈਸ ਆਇਲ ਅਤੇ ਏਵੀਏਸ਼ਨ ਟਰਬਾਈਨ ਫਿਊਲ (ATF) ਸਪਲਾਈ ਕਰੇਗਾ, ਜਿਸ ਨਾਲ ਮਾਰੀਸ਼ਸ ਨੂੰ ਲੰਬੇ ਸਮੇਂ ਦੀ ਸਪਲਾਈ ਨਿਸ਼ਚਤਤਾ, ਕੀਮਤਾਂ ਵਿੱਚ ਵਧੇਰੇ ਸਥਿਰਤਾ ਅਤੇ ਬਿਹਤਰ ਊਰਜਾ ਸੁਰੱਖਿਆ ਮਿਲੇਗੀ। ਪੁਰੀ ਨੇ ਕਿਹਾ ਕਿ ਇਹ ਸਮਝੌਤਾ ਮਾਰੀਸ਼ਸ ਦੀ ਗਤੀਸ਼ੀਲਤਾ, ਸੰਪਰਕ ਅਤੇ ਆਰਥਿਕ ਵਿਕਾਸ ਵਿੱਚ ਮਦਦ ਕਰੇਗਾ ਅਤੇ ਇਸਨੂੰ ਸਥਾਈ ਭਾਰਤ-ਮਾਰੀਸ਼ਸ ਭਾਈਵਾਲੀ ਵਿੱਚ ਇੱਕ ਨਵਾਂ ਮੀਲ ਪੱਥਰ ਦੱਸਿਆ।
