ਲਾਕ ਡਾਊਨ ਦਾ ਪਾਲਣ ਨਾ ਹੋਇਆ ਤਾਂ ਅਸੀਂ ਫੇਲ ਹੋ ਜਾਵਾਂਗੇ : ਸਿਹਤ ਮੰਤਰਾਲਾ
Monday, Mar 30, 2020 - 06:14 PM (IST)
ਨਵੀਂ ਦਿੱਲੀ— ਦੇਸ਼ ਭਰ 'ਚ ਕੋਰੋਨਾ ਵਾਇਰਸ ਕਾਰਨ ਲਾਕ ਡਾਊਨ ਹੈ, ਫਿਰ ਵੀ ਕੇਸ ਤੇਜ਼ੀ ਨਾਲ ਵਧ ਰਹੇ ਹਨ। ਇਸ ਨੂੰ ਲੈ ਕੇ ਸਿਹਤ ਮੰਤਰਾਲਾ ਨੇ ਪ੍ਰੈੱਸ ਕਾਨਫਰੰਸ ਕੀਤੀ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਵਿਰੁੱਧ ਜੰਗ ਸਿਰਫ ਜਨਤਾ ਦੇ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਪ੍ਰਗਤੀਸ਼ੀਲ ਦੇਸ਼ ਹੈ, ਦੂਜੇ ਦੇਸ਼ਾਂ ਦੇ ਮੁਕਾਬਲੇ ਸਾਡੇ ਇੱਥੇ ਮਰੀਜ਼ਾਂ ਦੀ ਗਿਣਤੀ ਘੱਟ ਹੈ। ਫਿਰ ਵੀ ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਇਕ ਵਿਅਕਤੀ ਦੀ ਗਲਤੀ ਸਭ 'ਤੇ ਭਾਰੀ ਪੈ ਸਕਦੀ ਹੈ। ਲਾਕ ਡਾਊਨ ਦਾ ਪਾਲਣ ਨਹੀਂ ਹੋਇਆ ਤਾਂ ਅਸੀਂ ਫੇਲ ਹੋ ਜਾਵਾਂਗੇ। ਤੁਹਾਡੀ ਲਾਪ੍ਰਵਾਹੀ ਤੋਂ ਅਸੀਂ ਫਿਰ ਤੋਂ ਪਿੱਛੇ ਚੱਲੇ ਜਾਵਾਂਗੇ।
24 ਘੰਟਿਆਂ ਦੇ ਅੰਦਰ 92 ਨਵੇਂ ਕੇਸ ਸਾਹਮਣੇ ਆਏ ਹਨ ਅਤੇ 4 ਲੋਕਾਂ ਦੀ ਮੌਤ ਹੋਈ ਹੈ। ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇ। ਬੀਮਾਰ ਲੋਕਾਂ ਨੂੰ ਲਾਕ ਡਾਊਨ ਦਾ ਪਾਲਣ ਕਰਨਾ ਚਾਹੀਦਾ ਹੈ। ਸਾਨੂੰ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਜੇਕਰ ਕਿਸੇ ਵੀ ਵਿਅਕਤੀ 'ਚ ਇਸ ਵਾਇਰਸ ਦੇ ਲੱਛਣ ਲੱਗਦੇ ਹਨ ਤਾਂ ਉਹ ਡਾਕਟਰ ਦੀ ਮਦਦ ਲਵੇ। ਜਾਣਕਾਰੀ ਦਿਓ, ਘਬਰਾਓ ਨਹੀਂ। ਲਾਪ੍ਰਵਾਹੀ ਕੀਤੀ ਤਾਂ ਲੜਾਈ ਅਧੂਰੀ ਰਹਿ ਜਾਵੇਗੀ। ਲਾਕ ਡਾਊਨ ਦਾ ਪਾਲਣ ਬਹੁਤ ਜ਼ਰੂਰੀ ਹੈ। ਸਿਹਤ ਮੰਤਰਾਲਾ ਨੇ ਕਿਹਾ ਕਿ ਅਸੀਂ ਕੋਵਿਡ ਹਸਪਤਾਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਓਧਰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਆਰ. ਗੰਗਾਖੇਡਕਰ ਨੇ ਕਿਹਾ ਕਿ ਹੁਣ ਤਕ 38,442 ਟੈਸਟ ਕੀਤੇ ਗਏ ਹਨ। ਕੱਲ 3,501 ਟੈਸਟ ਕੀਤੇ ਗਏ। ਇਹ ਸਾਰੇ ਟੈਸਟ ਪ੍ਰਾਈਵੇਟ ਲੈਬਾਂ 'ਚ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ 1071 ਮਾਮਲੇ ਸਾਹਮਣੇ ਆ ਚੁੱਕੇ ਹਨ। 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 100 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਜੇਕਰ ਲਾਕ ਡਾਊਨ ਦਾ ਪਾਲਣ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਸਮਝੇ ਤਾਂ ਅਸੀਂ ਕੋਰੋਨਾ ਵਿਰੁੱਧ ਜੰਗ ਨੂੰ ਜਿੱਤ ਸਕਦੇ ਹਾਂ।