ਜੰਮੂ ਕਸ਼ਮੀਰ ਦੇ ਕਿਸ਼ਤਵਾੜ ''ਚ ਨਿਰਮਾਣ ਅਧੀਨ ਪੁਲ ਦਾ ਹਿੱਸਾ ਢਹਿਣ ਨਾਲ ਇਕ ਮਜ਼ਦੂਰ ਦੀ ਮੌਤ
Friday, Jun 18, 2021 - 05:59 PM (IST)
ਜੰਮੂ- ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਮਰੂ ਸੁਦਰ ਨਦੀ 'ਤੇ ਨਿਰਮਾਣ ਅਧੀਨ ਪੁਲ ਦਾ ਹਿੱਸਾ ਢਹਿ ਗਿਆ, ਜਿਸ ਨਾਲ 29 ਸਾਲਾ ਇਕ ਮਜ਼ਦੂਰ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਦੱਛਨ ਇਲਾਕੇ 'ਚ ਸਥਿਤ ਦਾਂਗਦੁਰੂ ਪਿੰਡ 'ਚ ਹੋਈ, ਜਿਸ 'ਚ ਤਿੰਨ ਹੋਰ ਮਜ਼ਦੂਰਾਂ ਨੂੰ ਹਲਕੀਆਂ ਸੱਟਾਂ ਲੱਗੀਆਂ।
ਉਨ੍ਹਾਂ ਕਿਹਾ ਕਿ ਚਤਰੂ ਦਾ ਵਾਸੀ ਸ਼ਬੀਰ ਅਹਿਮਦ ਤੇਜ਼ ਗਤੀ ਨਾਲ ਵਹਿ ਰਹੀ ਨਦੀ 'ਚ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅਹਿਮਦ ਦੀ ਲਾਸ਼ ਬਾਅਦ 'ਚ ਬਚਾਅ ਦਲ ਨੇ ਕੱਢਿਆ ਅਤੇ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ। ਉਨ੍ਹਾਂ ਕਿਹਾ ਕਿ ਪੁਲ, ਜੰਮੂ ਕਸ਼ਮੀਰ ਲੋਕ ਨਿਰਮਾਣ ਵਿਭਾਗ ਵਲੋਂ ਬਣਵਾਇਆ ਜਾ ਰਿਹਾ ਸੀ। ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਅਸ਼ੋਕ ਸ਼ਰਮਾ ਨੇ ਘਟਨਾ ਦਾ ਗੰਭੀਰਤਾ ਨਾਲ ਨੋਟਿਸ ਲਿਆ ਹੈ ਅਤੇ ਸੰਬੰਧਤ ਕਾਰਜਕਾਰੀ ਇੰਜੀਨੀਅਰ ਤੋਂ ਪੂਰੀ ਰਿਪੋਰਟ ਮੰਗੀ ਹੈ।