ਬੇਹੋਸ਼ ਮਹਿਲਾ ਨੂੰ ਅੰਦਰ ਛੱਡ ਕੇ ਤਾਲਾ ਲਾ ਕੇ ਤੁਰਦੇ ਬਣੇ ਸਿਹਤ ਕੇਂਦਰ ਦੇ ਅਧਿਕਾਰੀ

Saturday, Jun 22, 2019 - 03:58 PM (IST)

ਬੇਹੋਸ਼ ਮਹਿਲਾ ਨੂੰ ਅੰਦਰ ਛੱਡ ਕੇ ਤਾਲਾ ਲਾ ਕੇ ਤੁਰਦੇ ਬਣੇ ਸਿਹਤ ਕੇਂਦਰ ਦੇ ਅਧਿਕਾਰੀ

ਮੁਜ਼ੱਫਰਨਗਰ— ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲੇ 'ਚ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਸਿਹਤ ਕੇਂਦਰ ਦੇ ਅਧਿਕਾਰੀ ਆਪਣੀ ਡਿਊਟੀ ਖਤਮ ਹੋਣ 'ਤੇ ਕੇਂਦਰ ਦਾ ਤਾਲਾ ਲਾ ਕੇ ਘਰ ਚਲੇ ਗਏ, ਜਦਕਿ ਅੰਦਰ ਬੇਹੋਸ਼ੀ ਦੀ ਹਾਲਤ ਵਿਚ ਇਕ ਮਹਿਲਾ ਮਰੀਜ਼ ਭਰਤੀ ਸੀ। ਮਾਮਲਾ ਸਾਹਮਣੇ ਆਉਣ 'ਤੇ ਇਕ ਕਰਮਚਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਡਾਕਟਰੀ ਅਧਿਕਾਰੀ ਤੇ ਮੁੱਖ ਫਾਰਮਸਿਸਟ ਸਮੇਤ 4 ਹੋਰ ਅਧਿਕਾਰੀਆਂ ਨੂੰ ਬਦਲ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜ਼ਿਲੇ ਦੇ ਫਲਾਵਦਾ ਪਿੰਡ ਸਥਿਤ ਸਿਹਤ ਕੇਂਦਰ 'ਚ ਸੋਨੀਆ ਨਾਂ ਦੀ 30 ਸਾਲਾ ਮਹਿਲਾ ਬੇਹੋਸ਼ ਦੀ ਹਾਲਤ 'ਚ ਭਰਤੀ ਸੀ। ਜਦੋਂ ਉਹ ਬੇਹੋਸ਼ ਪਈ ਸੀ ਤਾਂ ਇਕ ਡਾਕਟਰ ਸਮੇਤ ਹੋਰ ਕਰਮਚਾਰੀ ਦੁਪਹਿਰ ਤੋਂ ਬਾਅਦ ਡਿਊਟੀ ਖਤਮ ਹੋਣ 'ਤੇ ਸਿਹਤ ਕੇਂਦਰ ਦਾ ਤਾਲਾ ਲਾ ਕੇ ਘਰ ਚਲੇ ਗਏ। ਕੁਝ ਘੰਟਿਆਂ ਬਾਅਦ ਮਹਿਲਾ ਨੂੰ ਹੋਸ਼ ਆਇਆ ਤਾਂ ਉਸ ਨੇ ਖੁਦ ਨੂੰ ਕੇਂਦਰ ਦੇ ਅੰਦਰ ਦੇਖਿਆ। ਉਸ ਤੋਂ ਬਾਅਦ ਉਹ ਮਦਦ ਲਈ ਰੌਲਾ ਪਾਉਣ ਲੱਗੀ।

Photo for representation.

ਰੌਲਾ ਸੁਣ ਕੇ ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਹਿਲਾ ਨੂੰ ਬਾਹਰ ਕੱਢਿਆ। ਘਟਨਾ ਤੋਂ ਬਾਅਦ ਲੋਕਾਂ ਦਾ ਗੁੱਸਾ ਵਧਣ 'ਤੇ ਸਿਹਤ ਵਿਭਾਗ ਹਰਕਤ ਵਿਚ ਆ ਗਿਆ। ਡਾ. ਪੀ. ਐੱਸ. ਮਿਸ਼ਰਾ ਨੇ ਦੱਸਿਆ ਕਿ ਇਕ ਕਰਮਚਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਡਾ. ਮੋਹਿਤ ਕੁਮਾਰ ਅਤੇ ਮੁੱਖ ਫਾਰਮਸਿਸਟ ਪ੍ਰਵੀਣ ਕੁਮਾਰ ਸਮੇਤ 4 ਹੋਰ ਅਧਿਕਾਰੀਆਂ ਨੂੰ ਬਦਲ ਦਿੱਤਾ ਗਿਆ ਹੈ। ਜਾਂਚ ਕਮੇਟੀ ਤੋਂ 3 ਦਿਨ ਅੰਦਰ ਰਿਪੋਰਟ ਦੇਣ ਲਈ ਕਿਹਾ ਹੈ। ਇਸ ਦਰਮਿਆਨ ਸਥਾਨਕ ਲੋਕਾਂ ਨੇ ਲਾਪ੍ਰਵਾਹ ਅਧਿਕਾਰੀਆਂ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।


author

Tanu

Content Editor

Related News