12ਵੀਂ ''ਚ ਫੇਲ ਹੋਣ ਦਾ ਸਦਮਾ ਨਾ ਸਹਾਰ ਸਕੀ ਵਿਦਿਆਰਥਣ, ਚੁੱਕ ਲਿਆ ਵੱਡਾ ਕਦਮ

Saturday, Apr 25, 2026 - 12:03 AM (IST)

12ਵੀਂ ''ਚ ਫੇਲ ਹੋਣ ਦਾ ਸਦਮਾ ਨਾ ਸਹਾਰ ਸਕੀ ਵਿਦਿਆਰਥਣ, ਚੁੱਕ ਲਿਆ ਵੱਡਾ ਕਦਮ

ਜਾਲੌਨ : ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ 12ਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਪ੍ਰੀਖਿਆ ਵਿੱਚ ਫੇਲ ਹੋਣ ਤੋਂ ਬਾਅਦ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇੰਟਰਮੀਡੀਏਟ ਦਾ ਨਤੀਜਾ ਘੋਸ਼ਿਤ ਹੋਣ ਦੇ ਕੁਝ ਹੀ ਘੰਟਿਆਂ ਬਾਅਦ ਚੁੱਕੇ ਗਏ ਇਸ ਕਦਮ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਮ੍ਰਿਤਕਾ ਦੀ ਪਛਾਣ ਰਾਧਾ (18) ਵਜੋਂ ਹੋਈ ਹੈ, ਜੋ ਰੇਂਢਰ ਥਾਣਾ ਖੇਤਰ ਦੇ ਪਿੰਡ ਸੁਲਖਨਾ ਦੀ ਰਹਿਣ ਵਾਲੀ ਸੀ। ਰਾਧਾ ਗੰਭੀਰ ਸਿੰਘ ਇੰਟਰ ਕਾਲਜ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਸੀ। ਵੀਰਵਾਰ ਨੂੰ ਜਦੋਂ ਇੰਟਰਮੀਡੀਏਟ ਦਾ ਨਤੀਜਾ ਆਇਆ ਤਾਂ ਉਹ ਫੇਲ ਹੋ ਗਈ ਸੀ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਅਤੇ ਗੁਮਸੁਮ ਰਹਿਣ ਲੱਗੀ ਸੀ।

ਘਟਨਾ ਦੇ ਸਮੇਂ ਰਾਧਾ ਘਰ ਵਿੱਚ ਇਕੱਲੀ ਸੀ। ਉਸ ਦਾ ਪਿਤਾ ਰਾਜਬਹਾਦਰ ਕਣਕ ਵੇਚਣ ਲਈ ਮੰਡੀ ਗਿਆ ਹੋਇਆ ਸੀ ਅਤੇ ਮਾਂ ਪਿੰਡ ਵਿੱਚ ਹੀ ਕਿਸੇ ਪ੍ਰੋਗਰਾਮ ਵਿੱਚ ਗਈ ਹੋਈ ਸੀ। ਇਸੇ ਦੌਰਾਨ ਰਾਧਾ ਨੇ ਆਪਣੇ ਕਮਰੇ ਵਿੱਚ ਦੁਪੱਟੇ ਦਾ ਫਾਹਾ ਬਣਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਜਦੋਂ ਉਸ ਦੀ ਮਾਂ ਘਰ ਪਰਤੀ ਤਾਂ ਉਸ ਨੇ ਧੀ ਦੀ ਲਾਸ਼ ਨੂੰ ਪੱਖੇ ਨਾਲ ਲਟਕਦਾ ਦੇਖਿਆ। 

ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮਾਧੌਗੜ੍ਹ ਸਰਕਲ ਦੇ ਸੀਓ ਅੰਬੂਜ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ, ਪਰ ਪੁਲਸ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਰਾਧਾ ਦੇ ਪਿਤਾ ਖੇਤੀਬਾੜੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਅਤੇ ਇਸ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।


author

Inder Prajapati

Content Editor

Related News