ਦਿੱਲੀ ਹਿੰਸਾ ''ਚ ਹੋਈਆਂ ਮੌਤਾਂ ਕਾਰਨ UN ਮੁਖੀ ਦੁਖੀ

02/27/2020 5:23:17 PM

ਸੰਯੁਕਤ ਰਾਸ਼ਟਰ- ਨਾਗਰਿਕਤਾ ਕਾਨੂੰਨ ਵਿਚ ਹੋਈ ਸੋਧ ਨੂੰ ਲੈ ਕੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਉੱਤਰ ਪੂਰਬੀ ਇਲਾਕੇ ਵਿਚ ਫਿਰਕੂ ਹਿੰਸਾ ਵਿਚ ਕਈ ਲੋਕਾਂ ਦੀ ਮੌਤ ਹੋਣ ਨਾਲ ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਤਾਰੇਸ ਬਹੁਤ ਦੁਖੀ ਹਨ ਤੇ ਉਹਨਾਂ ਨੇ ਹਿੰਸਾ ਦੇ ਮਾਮਲੇ ਵਿਚ ਵਧੇਰੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਗੁਤਾਰੇਸ ਦੇ ਬੁਲਾਰੇ ਨੇ ਇਥੇ ਇਸ ਦੀ ਜਾਣਕਾਰੀ ਦਿੱਤੀ।

ਦਿੱਲੀ ਵਿਚ ਨਾਗਰਿਕਤਾ ਕਾਨੂੰਨ ਵਿਚ ਸੋਧ ਨੂੰ ਲੈ ਕੇ ਭੜਕੀ ਹਿੰਸਾ ਵਿਚ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 200 ਤੋਂ ਵਧੇਰੇ ਲੋਕ ਇਸ ਦੌਰਾਨ ਜ਼ਖਮੀ ਹੋਏ ਹਨ। ਗੁਤਾਰੇਸ ਦੇ ਬੁਲਾਰੇ ਸਟਿਫਨ ਦੁਜਾਰਿਕ ਨੇ ਰੋਜ਼ਾਨਾ ਪੱਤਰਕਾਰ ਸੰਮੇਲਨ ਵਿਚ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਨਾਲ ਉਹ (ਸੰਯੁਕਤ ਰਾਸ਼ਟਰ ਮੁਖੀ) ਦੁਖੀ ਹਨ। ਉਹਨਾਂ ਨੇ ਹਿੰਸਾ ਨੂੰ ਟਾਲਣ ਦੇ ਲਈ ਵਧੇਰੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਦੁਜਾਰਿਕ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਨਵੀਂ ਦਿੱਲੀ ਦੇ ਕੁਝ ਹਿੱਸਿਆਂ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨ 'ਤੇ ਜਨਰਲ ਸਕੱਤਰ ਕੋਈ ਟਿੱਪਣੀ ਕਰਨਗੇ ਤੇ ਕੀ ਭਾਰਤ ਸਰਕਾਰ ਨਾਲ ਉਹਨਾਂ ਦੀ ਇਸ ਮੁੱਦੇ 'ਤੇ ਕੋਈ ਗੱਲਬਾਤ ਹੋਈ ਹੈ।

ਇਸ ਤੋਂ ਪਹਿਲਾਂ ਦੁਜਾਰਿਕ ਨੇ ਕਿਹਾ ਸੀ ਕਿ ਨਵੀਂ ਦਿੱਲੀ ਦੀ ਸਥਿਤੀ 'ਤੇ ਗੁਤਾਰੇਸ ਨੇੜੇਓਂ ਨਜ਼ਰ ਰੱਖੇ ਹੋਏ ਹਨ ਤੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਤੇ ਸੁਰੱਖਿਆ ਬਲਾਂ ਨੂੰ ਸੰਜਮ ਵਰਤਣਾ ਚਾਹੀਦਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਹਿੰਸਾ ਰੋਕਣ, ਵਿਸ਼ਵਾਸ ਬਹਾਲੀ ਤੇ ਆਮ ਸਥਿਤੀ ਬਹਾਲ ਕਰਨ ਦੇ ਲਈ ਜ਼ਮੀਨ 'ਤੇ ਕੰਮ ਕਰ ਰਹੀਆਂ ਹਨ। ਕੁਮਾਰ ਨੇ ਕਿਹਾ ਕਿ ਸਰਕਾਰ ਦੇ ਸੀਨੀਅਰ ਪ੍ਰਤੀਨਿਧੀ ਪ੍ਰਕਿਰਿਆ ਵਿਚ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਜਨਤਕ ਰੂਪ ਨਾਲ ਸ਼ਾਂਤੀ ਤੇ ਭਾਈਚਾਰੇ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਅਪੀਲ ਕਰਾਂਗੇ ਕਿ ਇਸ ਸੰਵੇਦਨਸ਼ੀਲ ਸਮੇਂ 'ਤੇ ਕਿਸੇ ਤਰ੍ਹਾਂ ਦੀ ਗੈਰ-ਜ਼ਿੰਮੇਦਾਰਾਨਾ ਟਿੱਪਣੀ ਨਾ ਕੀਤੀ ਜਾਵੇ।


Baljit Singh

Content Editor

Related News