ਦਿੱਲੀ ਦੇ ਹਾਲਾਤ ਦੇਖ UN ਮੁਖੀ ਨੇ ਕੀਤਾ ਮਹਾਤਮਾ ਗਾਂਧੀ ਨੂੰ ਯਾਦ

02/28/2020 1:33:49 PM

ਸੰਯੁਕਤ ਰਾਸ਼ਟਰ- ਦਿੱਲੀ ਵਿਚ ਹਿੰਸਾ ਕਾਰਨ ਵਿਗੜੇ ਹਾਲਾਤ 'ਤੇ ਦੁੱਖ ਵਿਅਕਤ ਕਰਦੇ ਹੋਏ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਮਹਾਤਮਾ ਗਾਂਧੀ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਵਿਚਾਰਾਂ ਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋੜ ਹੈ ਕਿਉਂਕਿ ਇਹ ਭਾਈਚਾਰਿਆਂ ਦੇ ਵਿਚਾਲੇ ਸਹੀ ਮਾਇਨੇ ਵਿਚ ਮੇਲ-ਜੋਲ ਦੀਆਂ ਪਰੀਸਥਿਤੀਆਂ ਪੈਦਾ ਕਰਨ ਲਈ ਲੋੜੀਂਦੀ ਹੈ।

ਗੁਤਾਰੇਸ ਦੇ ਬੁਲਾਰੇ ਸਟਿਫਨ ਦੁਜਾਰਿਕ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਵਿਚ ਫਿਰਕੂ ਹਿੰਸਾ ਵਿਚ ਕਈ ਲੋਕਾਂ ਦੇ ਮਾਰੇ ਜਾਣ ਨਾਲ ਸੰਯੁਕਤ ਰਾਸ਼ਟਰ ਮੁਖੀ ਬਹੁਤ ਦੁਖੀ ਹਨ ਤੇ ਉਹਨਾਂ ਨੇ ਹਿੰਸਾ ਦੇ ਮਾਮਲੇ ਵਿਚ ਵਧੇਰੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਆਪਣੀ ਪੂਰੀ ਜ਼ਿੰਦਗੀ ਵਿਚ ਜਨਰਲ ਸਕੱਤਰ ਮਹਾਤਮਾ ਗਾਂਧੀ ਦੇ ਵਿਚਾਰਾਂ ਨਾਲ ਪ੍ਰਭਾਵਿਤ ਰਹੇ ਹਨ। ਅੱਜ ਮਹਾਤਮਾ ਗਾਂਧੀ ਦੇ ਵਿਚਾਰਾਂ ਦੀ ਪਹਿਲਾਂ ਤੋਂ ਕਿਤੇ ਜ਼ਿਆਦਾ ਲੋੜ ਹੈ ਤੇ ਇਹ ਭਾਈਚਾਰਿਆਂ ਦੇ ਵਿਚਾਲੇ ਮੇਲ-ਜੋਲ ਦੇ ਹਾਲਾਤ ਪੈਦਾ ਕਰਨ ਲਈ ਲਾਜ਼ਮੀ ਹੈ।

ਭਾਰਤੀ ਵਿਦੇਸ਼ ਦਫਤਰ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਕਿਹਾ ਸੀ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਹਿੰਸਾ ਰੋਕਣ, ਵਿਸ਼ਵਾਸ ਬਹਾਲੀ ਤੇ ਹਾਲਾਤ ਆਮ ਕਰਨ ਲਈ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਹਿੰਸਾ ਕਾਰਨ ਹੁਣ ਤੱਕ 39 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 200 ਤੋਂ ਵਧੇਰੇ ਲੋਕ ਜ਼ਖਮੀ ਦੱਸੇ ਜਾ ਰਹੇ ਹਨ।


Baljit Singh

Content Editor

Related News